
ਅਬੋਹਰ ਵਿੱਚ ਵਕੀਲਾਂ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਜ਼ਿਲ੍ਹਾ ਅਦਾਲਤ ਦੇ ਬਾਹਰ ਰੋਸ ਵਿਖਾਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਮੈਂਬਰਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਮੁਹਾਲੀ ਅਦਾਲਤਾਂ ਦਾ ਕੰਮ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਵਿਰੋਧ ਦਰਜ ਕਰਵਾਇਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਅਬੋਹਰ ਪੁਲੀਸ ਵੱਲੋਂ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਖ਼ਿਲਾਫ਼ ਕੇਸ ਦਰਜ ਕਰਨਾ ਮੰਦਭਾਗਾ ਹੈ ਜੋ ਪੁਲੀਸ ਨੇ ਗਲਤ ਭਾਵਨਾ ਅਤੇ ਬਿਨਾਂ ਕਿਸੇ ਸਬੂਤ ਤੋਂ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਕੇਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਵਕੀਲਾਂ ਨੇ ਅਦਾਲਤਾਂ ਦਾ ਕੰਮ ਕਾਜ ਬੰਦ ਰੱਖ ਕੇ ਰੋਸ ਪ੍ਰਗਟਾਵਾ ਕੀਤਾ।
ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਵਕੀਲਾਂ ਖ਼ਿਲਾਫ਼ ਧੱਕੇਸ਼ਾਹੀ ਅਤੇ ਪੁਲੀਸ ਵਧੀਕੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਮੁਹਾਲੀ ਬਾਰ ਐਸੋਸੀਏਸ਼ਨ ਵਕੀਲ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਸਮੂਹ ਵਕੀਲਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਸੀਨੀਅਰ ਵਕੀਲ ਸ਼ੇਖਰ ਸ਼ੁਕਲਾ, ਸੁਸ਼ੀਲ ਅੱਤਰੀ, ਦਵਿੰਦਰ ਵੱਤਸ, ਕੁਲਦੀਪ ਸਿੰਘ ਰਠੌੜ, ਸਕੱਤਰ ਕੰਵਰ ਜ਼ੋਰਾਵਰ ਸਿੰਘ, ਗਗਨਦੀਪ ਸਿੰਘ ਥਿੰਦ, ਨੀਰੂ ਥਰੇਜਾ, ਗੁਰਦੀਪ ਸਿੰਘ, ਮੈਂਬਰ ਬਾਰ ਕੌਂਸਲ ਬਲਜਿੰਦਰ ਸਿੰਘ ਸੈਣੀ, ਸੰਜੀਵ ਸ਼ਰਮਾ, ਸੀਐਸ ਬਾਵਾ, ਨਰਪਿੰਦਰ ਸਿੰਘ ਰੰਗੀ, ਸੰਜੀਵ ਮੈਣੀ, ਸਨੇਹਪ੍ਰੀਤ ਸਿੰਘ, ਰਜੇਸ਼ ਗੁਪਤਾ, ਸੰਦੀਪ ਸਿੰਘ ਲੱਖਾ, ਜਰਨੈਲ ਸਿੰਘ ਵੜਿੰਗ, ਅਮਰਜੀਤ ਸਿੰਘ ਰੁਪਾਲ, ਅਕਸ਼ ਚੇਤਲ, ਵਿਕਾਸ ਸ਼ਰਮਾ, ਦਮਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਨਟਰਾਜਨ ਕੌਸ਼ਲ ਅਤੇ ਹਰਵਿੰਦਰ ਸੈਣੀ ਸਮੇਤ ਹੋਰ ਵਕੀਲ ਹਾਜ਼ਰ ਸਨ।