
ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਬਾਹਰ ਰੋਸ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਸਰਕਲ ਮੁਹਾਲੀ ਵੱਲੋਂ ਇੰਜ. ਗੁਰਪ੍ਰੀਤ ਸਿੰਘ ਵੰਡ ਉਪ ਮੰਡਲ, ਜ਼ੀਰਕਪੁਰ ਨੂੰ ਮੁਅੱਤਲ ਕਰਨ ਵਿਰੁੱਧ ਨਿਗਰਾਨ ਇੰਜੀਨੀਅਰ ਮੁਹਾਲੀ ਦੇ ਦਫ਼ਤਰ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਪਾਵਰਕੌਮ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਅਨੁਸਾਰ ਇਕੱਠ ਕਰਨ ’ਤੇ ਲਗਾਈ ਪਾਬੰਦੀ ਦੇ ਚੱਲਦਿਆਂ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਫੋਨ ਬੰਦ ਰੱਖੇ ਗਏ ਅਤੇ ਕਿਸੇ ਵੀ ਮੈਂਬਰ ਨੇ ਸਪਲਾਈ ਚਾਲੂ ਰੱਖਣ ਸਮੇਤ ਕੋਈ ਦਫ਼ਤਰੀ ਜਾਂ ਫੀਲਡ ਕੰਮ ਨਹੀਂ ਕੀਤਾ ਗਿਆ।
ਇੰਜ. ਸੋਹਣ ਸਿੰਘ, ਇੰਜ. ਜਸਵੀਰ ਸਿੰਘ ਅਤੇ ਇੰਜ. ਰਣਜੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਸਿਆਸੀ ਆਗੂਆਂ ਦੇ ਆਖੇ ਗੱਲ ਕੇ ਜ਼ਮੀਨੀ ਤੌਰ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹੀ ਨਹੀਂ ਆਪਣੇ ਅਫ਼ਸਰਾਂ ਨੂੰ ਵਿਭਾਗੀ ਕਾਰਵਾਈ ਤੋਂ ਬਚਾਉਣ ਲਈ ਹੇਠਲੇ ਕਰਮਚਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ। ਇੰਜ. ਗੁਰਪ੍ਰੀਤ ਸਿੰਘ ਦੀ ਮੁਅੱਤਲੀ ਵੀ ਇਸੇ ਸਾਜ਼ਿਸ਼ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਚੋਰੀ ਦੇ ਕੇਸ ਬਣਾਉਣ ਦੀ ਸਿੱਧੀ ਜ਼ਿੰਮੇਵਾਰੀ ਉਪ ਮੰਡਲ ਅਫ਼ਸਰ ਦੀ ਹੁੰਦੀ ਹੈ ਪਰ ਇਸ ਕੇਸ ਵਿੱਚ ਇਸ ਤੋਂ ਪਹਿਲਾਂ ਵਾਲੇ ਉਪ ਮੰਡਲ ਅਫ਼ਸਰ ਅਤੇ ਮੌਜੂਦਾ ਉਪ ਮੰਡਲ ਅਫ਼ਸਰ ਨੂੰ ਸਿਰਫ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।