Nabaz-e-punjab.com

ਪਿੰਡ ਬਲੌਂਗੀ ਵਾਸੀਆਂ ਵੱਲੋਂ ਬਿਜਲੀ ਸਪਲਾਈ ਦੀ ਸਮੱਸਿਆ ਕਾਰਨ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ

ਜੋੜ ਲਗਾਉਣ ਤੋਂ ਬਾਅਦ ਬਿਜਲੀ ਚਾਲੂ ਕਰਨ ’ਤੇ ਬਿਜਲੀ ਤਾਰ ਵਿੱਚ ਅੱਗ ਲੱਗੀ, ਪਟਾਕੇ ਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਬਲੌਂਗੀ ਦੀ ਏਕਤਾ ਕਲੋਨੀ (ਵਾਰਡ ਨੰਬਰ-9) ਦੇ ਵਸਨੀਕਾਂ ਨੇ ਬਿਜਲੀ ਸਪਲਾਈ ਦੀ ਸਮੱਸਿਆ ਦੇ ਚੱਲਦਿਆਂ ਪਾਵਰਕੌਮ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਕਲੋਨੀ ਦੇ ਪੰਚ ਵਿਜੇ ਪਾਠਕ ਨੇ ਦੱਸਿਆ ਕਿ ਕਲੋਨੀ ਵਿੱਚ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੀ ਸਮੱਸਿਆ ਆ ਰਹੀ ਹੈ। ਜਿਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇੱਥੇ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਹੋਟਲਾਂ ਦੇ ਕਾਰਨ ਆ ਰਹੀ ਹੈ। ਹੋਟਲਾਂ ਦੇ ਭਾਰੀ ਲੋਡ ਕਾਰਨ ਅਕਸਰ ਕਲੋਨੀ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਕਲੋਨੀ ਵਿੱਚ 50 ਐਮਐਮ ਦੀ ਤਾਰ ਪਾਈ ਹੋਈ ਹੈ ਅਤੇ ਪਿਛਲੇ ਸਮੇਂ ਦੌਰਾਨ ਇਕ ਤੋਂ ਬਾਅਦ ਇੱਕ ਬਣੇ ਇਨ੍ਹਾਂ ਹੋਟਲਾਂ ਦੀ ਉਸਾਰੀ ਹੋਣ ਕਾਰਨ ਇਹ ਤਾਰ ਪੁਰਾ ਲੋਡ ਨਹੀਂ ਝੱਲ ਰਹੀ ਅਤੇ ਥੋੜ੍ਹੇ ਦਿਨਾਂ ਮਗਰੋਂ ਤਾਰਾਂ ਵਿੱਚ ਸਪਾਰਕ ਹੋਣ ’ਤੇ ਬਿਜਲੀ ਗੁੱਲ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਅਜਿਹੇ ਕਰੀਬ ਚਾਰ ਹੋਟਲ ਹਨ। ਹਰੇਕ ਹੋਟਲ ਵਿੱਚ ਕਰੀਬ ਦੋ ਦਰਜਨ ਏਸੀ ਲੱਗੇ ਹੋਏ ਹਨ ਅਤੇ ਇਨ੍ਹਾਂ ਏਸੀ ਕਾਰਨ ਬਿਜਲੀ ਦੀ ਤਾਰ ’ਤੇ ਭਾਰੀ ਲੋਡ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹੋਟਲਾਂ ਦੀ ਬਿਜਲੀ ਸਪਲਾਈ ਨੂੰ ਘਰੇਲੂ ਬਿਜਲੀ ਸਪਲਾਈ ਨਾਲੋਂ ਵੱਖਰਾ ਕੀਤਾ ਜਾਵੇ। ਇਸ ਮੌਕੇ ਅਵਤਾਰ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ ਕਾਂਗਰਸ ਪ੍ਰਧਾਨ, ਕੁਲਦੀਪ ਸਿੰਘ ਬਿੱਟੂ, ਕਾਂਤਾ ਰਾਣੀ ਅਤੇ ਹੋਰ ਵੀ ਪਤਵੰਤੇ ਮੌਜੂਦ ਸਨ।
ਉਧਰ, ਮੌਕੇ ’ਤੇ ਪਹੁੰਚੇ ਪਾਵਰਕੌਮ ਵਿਭਾਗ ਦੇ ਜੇਈ ਕੁਨਾਲ ਨੇ ਬਿਜਲੀ ਸਪਲਾਈ ਤਾਰ ਦਾ ਜੁਆਇੰਟ ਪਾ ਕੇ ਮੌਕੇ ’ਤੇ ਹੀ ਮੁਰੰਮਤ ਕਰਵਾ ਕੇ ਕਲੋਨੀ ਵਾਸੀਆਂ ਨੂੰ ਸ਼ਾਂਤ ਕੀਤਾ। ਉਨ੍ਹਾਂ ਕਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਕ ਦੋ ਦਿਨਾਂ ਦੇ ਵਿੱਚ ਨਵੀਂ ਤਾਰ ਪਾ ਦਿੱਤੀ ਜਾਵੇਗੀ ਅਤੇ ਭਵਿੱਖ ਵਿੱਚ ਕਲੋਨੀ ਵਾਸੀਆਂ ਨੂੰ ਦੁਬਾਰਾ ਅਜਿਹੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜਿਵੇਂ ਹੀ ਪਾਵਰਕੌਮ ਦੇ ਮੁਲਾਜ਼ਮਾਂ ਨੇ ਜੋੜ ਲਗਾਉਣ ਤੋਂ ਬਾਅਦ ਬਿਜਲੀ ਸਪਲਾਈ ਚਾਲੂ ਕੀਤੀ ਗਈ ਤਾਂ ਅਚਾਨਕ ਤਾਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਅਤੇ ਪਟਾਕੇ ਪੈਣੇ ਸ਼ੁਰੂ ਹੋ ਗਏ।
(ਬਾਕਸ ਆਈਟਮ)
ਪਾਵਰਕੌਮ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕਲੋਨੀ ਵਿੱਚ 98 ਐਮਐਮ ਦੀ ਤਾਰ ਪਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ। ਐਕਸੀਅਨ ਦੇ ਹੁਕਮਾਂ ’ਤੇ ਐਸਡੀਓ ਦੀ ਅਗਵਾਈ ਵਿੱਚ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਨਵੀਂ ਤਾਰ ਪਾ ਦਿੱਤੀ ਗਈ। ਜਿਸ ਤੋਂ ਬਾਅਦ ਬਿਜਲੀ ਸਪਲਾਈ ਠੀਕ ਹੋਈ। ਇਸ ਬਾਰੇ ਪੰਚ ਵਿਜੇ ਪਾਠਕ ਨੇ ਕਿਹਾ ਕਿ ਭਾਵੇਂ ਹੁਣ ਕਲੋਨੀ ਵਾਸੀਆਂ ਨੂੰ ਥੋੜ੍ਹੀ ਰਾਹਤ ਮਿਲ ਗਈ ਹੈ ਪ੍ਰੰਤੂ ਜਦੋਂ ਤੱਕ ਕਲੋਨੀ ਦੀ ਬਿਜਲੀ ਸਪਲਾਈ ਵੱਖਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਹ ਸਮੱਸਿਆ ਬਣੀ ਰਹੇਗੀ। ਉਧਰ, ਇਕ ਹੋਟਲ ਮਾਲਕ ਨੇ ਕਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਖ਼ਰਚੇ ’ਤੇ ਨਵੀਂ ਤਾਰ ਪੁਆਉਣਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…