ਜੌਗਰਫ਼ੀ ਟੀਚਰਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ, ਡੀਪੀਆਈ ਨੂੰ ਦਿੱਤਾ ਮੰਗ ਪੱਤਰ

ਲੈਕਚਰਾਰਾਂ ਦੀਆਂ 13252 ’ਚੋਂ ਜੌਗਰਫ਼ੀ ਦੀਆਂ ਕੇਵਲ 357 ਅਸਾਮੀਆਂ

ਪੰਜਾਬ ਦੇ 1800 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਜੌਗਰਫ਼ੀ ਵਿਸ਼ੇ ਦੇ ਗਿਆਨ ਤੋਂ ਵਾਂਝੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਪੰਜਾਬ ਦੇ ਲਗਪਗ 2000 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਭਰਨ ਅਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਖਾਲੀ ਅਸਾਮੀਆਂ ਦੀ ਘਾਟ ਪੂਰੀ ਕਰਨ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਜੌਗਰਫ਼ੀ ਲੈਕਚਰਾਰਾਂ ਦੀਆਂ ਮਨਜ਼ੂਰਸ਼ੁਦਾ 357 ਅਸਾਮੀਆਂ ਨੂੰ ਈ-ਪੰਜਾਬ ਪੋਰਟਲ ’ਤੇ ਦਰਸਾਉਣਾ, ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨਾ, ਪਦ-ਉੱਨਤੀਆਂ ਅਤੇ ਸਿੱਧੀ ਭਰਤੀ ਰਾਹੀਂ ਅਸਾਮੀਆਂ ਭਰਨ ਅਤੇ ਅਪਗਰੇਡ ਕੀਤੇ ਜਾ ਰਹੇ ਐਮੀਨੈਂਸ ਸਕੂਲਾਂ ਵਿੱਚ ਭੂਗੋਲ (ਜੌਗਰਫ਼ੀ) ਵਿਸ਼ਾ ਸ਼ੁਰੂ ਕਰਨ ਨੂੰ ਲੈ ਕੇ ਯੂਨੀਅਨ ਦੇ ਉੱਚ ਪੱਧਰੀ ਵਫ਼ਦ ਨੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ ਅਤੇ ਕੈਸ਼ੀਅਰ ਚਮਕੌਰ ਸਿੰਘ ਮੋਗਾ ਦੀ ਅਗਵਾਈ ਹੇਠ ਵਫ਼ਦ ਨੇ ਡੀਪੀਆਈ (ਸੈਕੰਡਰੀ) ਤੇਜਦੀਪ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ ਅਤੇ ਉਪਰੋਕਤ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਵਫ਼ਦ ਅਨੁਸਾਰ ਡੀਪੀਆਈ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਸਬੰਧਤ ਸ਼ਾਖਾ ਨੂੰ ਕੇਸ ਪੁੱਟਅੱਪ ਕਰਨ ਲਈ ਲਿਖਿਆ।
ਜਥੇਬੰਦੀ ਨੇ ਡੀਪੀਆਈ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਦੀ ਤੁਲਨਾ ਵਿੱਚ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹਰੇਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੌਗਰਫ਼ੀ ਵਿਸ਼ਾ ਪੜ੍ਹਾਇਆ ਜਾਂਦਾ ਹੈ। ਜਦੋਂਕਿ ਪੰਜਾਬ ਦੇ ਲਗਪਗ 1800 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਹਨ। ਪਿਛਲੇ ਸਮੇਂ ਦੌਰਾਨ ਹਰਿਆਣਾ ਨੇ 710 ਅਤੇ ਰਾਜਸਥਾਨ ਸਰਕਾਰ ਨੇ 793 ਜੌਗਰਫ਼ੀ ਵਿਸ਼ੇ ਦੇ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਅੰਕੜੇ ਪੇਸ਼ ਕੀਤੇ ਕਿ ਜੌਗਰਫ਼ੀ ਵਿਸ਼ੇ ਦੀਆਂ 357 ਮਨਜ਼ੂਰਸ਼ੁਦਾ ਲੈਕਚਰਾਰਾਂ ਦੀਆਂ ਅਸਾਮੀਆਂ ਦੇ ਮੁਕਾਬਲੇ ਹਿਸਟਰੀ ਦੀਆਂ 1448, ਰਾਜਨੀਤੀ ਸ਼ਾਸਤਰ ਦੀਆਂ 1425 ਅਤੇ ਅਰਥ ਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀਆਂ 1193 ਅਸਾਮੀਆਂ ਮਨਜ਼ੂਰ ਹਨ। ਉਨ੍ਹਾਂ ਮੰਗ ਕੀਤੀ ਕਿ 130 ਖਾਲੀ ਅਸਾਮੀਆਂ ਨੂੰ ਪਦ-ਉੱਨਤੀ ’ਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ ਅਤੇ ਅਪਗਰੇਡ ਕੀਤੇ ਜਾ ਰਹੇ ਸੈਂਕੜੇ ਐਮੀਨੈਂਸ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤਾ ਜਾਵੇ।
ਇਸ ਮੌਕੇ ਬਲਜੀਤ ਸਿੰਘ ਫਤਹਿਗੜ੍ਹ ਸਾਹਿਬ, ਸੁਖਵਿੰਦਰ ਸਿੰਘ ਲੁਧਿਆਣਾ, ਯੋਗਿੰਦਰ ਕੁਮਾਰ ਫਾਜ਼ਿਲਕਾ, ਤੇਜਪ੍ਰਤਾਪ ਸਿੰਘ ਤਰਨਤਾਰਨ, ਸ਼੍ਰੀਮਤੀ ਰਾਖੀ ਅਗਰਵਾਲ ਬਠਿੰਡਾ, ਕਮਲਜੀਤ ਕੌਰ ਫਿਰੋਜ਼ਪੁਰ, ਨਵਦੀਪ ਕੌਰ ਅੰਮ੍ਰਿਤਸਰ, ਗੁਰਸਿਮਰਨ ਕੌਰ ਮਾਨਸਾ, ਡੌਲੀ ਕੁਮਾਰੀ ਗੁਰਦਾਸਪੁਰ, ਮਿੰਨੀ ਸ਼ਰਮਾ ਜਲੰਧਰ, ਤਲਵਿੰਦਰ ਸਿੰਘ ਪਟਿਆਲਾ, ਅਜੀਤਪਾਲ ਸਿੰਘ ਰੂਪਨਗਰ, ਗੁਰਪ੍ਰੀਤ ਕੌਰ ਸੰਗਰੂਰ, ਨੀਰਜ ਕੌਸ਼ਲ ਮੁਹਾਲੀ ਅਤੇ ਬਲਜੀਤ ਸਿੰਘ ਮੁਕਤਸਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…