ਸਾਂਝਾ ਅਧਿਆਪਕ ਮੋਰਚੇ ਵੱਲੋਂ ਖ਼ਜ਼ਾਨਾ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ

ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਡੀਸੀ ਆਸ਼ਿਕਾ ਜੈਨ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਮੁਹਾਲੀ ਦੇ ਅਧਿਆਪਕਾਂ ਨੇ ਸੋਮਵਾਰ ਨੂੰ ਖਜਾਨਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਦੀ ਤਨਖ਼ਾਹ, ਮੋਬਾਈਲ ਭੱਤੇ ’ਤੇ ਕੱਟ ਲਗਾਉਣ ਵਿਰੁੱਧ ਨਾਅਰੇਬਾਜ਼ੀ ਕੀਤੀ। ਮੋਰਚੇ ਦੇ ਜ਼ਿਲ੍ਹਾ ਆਗੂ ਸੁਰਜੀਤ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ ਅੌਲਖ, ਐਨਡੀ ਤਿਵਾੜੀ ਅਤੇ ਰਵਿੰਦਰ ਪੱਪੀ ਨੇ ਕਿਹਾ ਕਿ ਵੱਧ ਠੰਢ ਕਾਰਨ ਪੰਜਾਬ ਸਰਕਾਰ ਵੱਲੋਂ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਸੀ ਜਿਸ ਵਿੱਚ ਇਹ ਹਦਾਇਤਾਂ ਸ਼ਾਮਲ ਸਨ ਕਿ ਅਧਿਆਪਕ ਵਰਚੂਅਲ ਪਲੇਟਫ਼ਾਰਮ ਤੇ ਜਮਾਤਾਂ ਨੂੰ ਪੜ੍ਹਾਈ ਕਰਵਾਉਣਗੇ।
ਜਿਸ ਮੁਤਾਬਕ ਕਰੋਨਾ ਕਾਲ ਵਾਂਗ ਅਧਿਆਪਕਾਂ ਨੇ ਆਨਲਾਈਨ ਆਪਣਾ ਸਿਲੇਬਸ ਪੂਰਾ ਕਰਵਾਇਆ ਕਿਉਂਕਿ ਫਰਵਰੀ ਵਿੱਚ ਸਕੂਲੀ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਹਨ। ਇਸ ਲਈ ਜਨਵਰੀ ਤਨਖ਼ਾਹ ਵਿੱਚ ਮੋਬਾਈਲ ਭੱਤਾ ਕੱਟਣਾ ਗਲਤ ਹੈ। ਅਧਿਆਪਕਾਂ ਨੇ ਖਜਾਨੇ ਦਫ਼ਤਰ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ।
ਇਸ ਮੌਕੇ ਅਧਿਆਪਕ ਆਗੂਆਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਮੁੱਖ ਮੰਤਰੀ ਤੇ ਖ਼ਜ਼ਾਨਾ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾ ਦੀ ਤਨਖ਼ਾਹ ਦਾ ਸ਼ਡਿਊਲ ਸਹੀ ਕੀਤਾ ਜਾਵੇ ਕਿਉਂਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਤਨਖ਼ਾਹਾਂ ਲੇਟ ਮਿਲ ਰਹੀਆਂ ਹਨ। ਜਿਸ ਕਾਰਨ ਅਧਿਆਪਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ ਸਿਰ ਤਨਖ਼ਾਹ ਨਾ ਮਿਲਣ ਕਾਰਨ ਕਈ ਅਧਿਆਪਕਾਂ ਨੂੰ ਬੈਂਕ ਦੀਆਂ ਕਿਸ਼ਤਾਂ ਭਰਨੀਆਂ ਵੀ ਅੌਖੀਆਂ ਹੋ ਰਹੀਆਂ ਹਨ।

ਸਾਂਝਾ ਅਧਿਆਪਕ ਮੋਰਚਾ ਨੇ ਹਰੇਕ ਮਹੀਨੇ ਲਈ ਤਨਖ਼ਾਹ ਦਾ ਬਜਟ ਅਲਾਟ ਕਰਨ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਤਨਖ਼ਾਹਾਂ ਲਈ ਪੂਰੇ ਸੈਸ਼ਨ ਦਾ ਬਜਟ ਅਲਾਟ ਕੀਤਾ ਜਾਵੇ ਅਤੇ ਵਰਤਮਾਨ ਅਧਿਆਪਕ ਦੇ ਪਿਛਲੇ ਸਾਲਾਂ ਤੋਂ ਰੋਕੇ ਮੈਡੀਕਲ ਬਿੱਲਾਂ ਦਾ ਬਜਟ ਵੀ ਅਲਾਟ ਕੀਤਾ ਜਾਵੇ। ਇਸ ਮੌਕੇ ਰਣਜੀਤ ਸਿੰਘ ਰਬਾਬੀ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਸਤੀਸ਼ ਕੁਮਾਰ, ਅਰਵਿੰਦਰ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ ਖ਼ਾਲਸਾ, ਅਨੀਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…