
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀਸੀਏ ਦੇ ਬਾਹਰ ਰੋਸ ਮੁਜ਼ਾਹਰਾ, ਕੇਜਰੀਵਾਲ, ਮਾਨ ਤੇ ਚਾਹਲ ਦੇ ਪੁਤਲੇ ਫੂਕੇ
ਪੀਸੀਏ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ: ਸੋਹਾਣਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਪੀਸੀਏ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪੀਸੀਏ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਦੇ ਪੁਤਲੇ ਫੂਕੇ ਗਏ। ਬੁਲਾਰਿਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਪੀਸੀਏ ਵਿੱਚ ਹੋਏ ਕ੍ਰਿਕਟ ਮੈਚ ਦੌਰਾਨ ਟਿਕਟਾਂ ਦੀ ਬਲੈਕ ਹੋਣ ਕਾਰਨ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਹ ਕੋਈ ਬੇਵਜ੍ਹਾ ਦੂਸ਼ਣਬਾਜ਼ੀ ਨਹੀਂ ਕਰ ਰਹੇ ਹਨ ਬਲਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ ਜੋ ਕਿ ਖ਼ੁਦ ਕੌਮਾਂਤਰੀ ਪੱਧਰ ਦੇ ਕ੍ਰਿਕਟ ਖਿਡਾਰੀ ਰਹੇ ਹਨ, ਉਨ੍ਹਾਂ ਨੇ ਖ਼ੁਦ ਇਹ ਮੁੱਦਾ ਚੁੱਕਿਆ ਹੈ ਅਤੇ ਸੀਬੀਆਈ ਤੋਂ ਜਾਂਚ ਦੀ ਮੰਗ ਕਰਦਿਆਂ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਨੂੰ ਤੁਰੰਤ ਅਹੁਦੇ ਤੋਂ ਲਾਹੁਣ ਦੀ ਸਿਫ਼ਾਰਸ਼ ਕੀਤੀ ਹੈ। ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਪੀਸੀਏ ਵਿੱਚ ਨਵੇਂ ਭਰਤੀ ਕੀਤੇ ਜਾ ਰਹੇ 150 ਮੈਂਬਰਾਂ ਦੀ ਐਂਟਰੀ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਅਕਾਲੀ ਦਲ ਜਲਦੀ ਹੀ ਆਪਣਾ ਅਗਲਾ ਪ੍ਰੋਗਰਾਮ ਉਲੀਕੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਹਰਮਨਪ੍ਰੀਤ ਸਿੰਘ ਪ੍ਰਿੰਸ, ਬਲਵਿੰਦਰ ਸਿੰਘ ਲਖਨੌਰ, ਕਮਲਜੀਤ ਸਿੰਘ ਬੜੀ, ਗੁਰਪ੍ਰਤਾਪ ਸਿੰਘ ਬੜੀ, ਕਰਮਜੀਤ ਸਿੰਘ ਮੌਲੀ ਬੈਦਵਾਨ, ਅਮਨ ਪੂਨੀਆ, ਹਰਸ਼ ਸਰਵਾਰਾ, ਨੰਬਰਦਾਰ ਹਰਵਿੰਦਰ ਸਿੰਘ, ਤਨਪ੍ਰੀਤ ਸਿੰਘ ਬਾਵਾ, ਬੀਬੀ ਅਮਨ ਲੂਥਰਾ, ਗੁਰਪ੍ਰੀਤ ਸਿੰਘ ਸਿੱਧੂ, ਜਸਪਾਲ ਸਿੰਘ ਮੁਹਾਲੀ, ਨਾਹਰ ਸਿੰਘ ਮਦਨਪੁਰ, ਸਰਬਜੀਤ ਸਿੰਘ ਗੋਲਡੀ, ਸਵਿੰਦਰ ਸਿੰਘ ਲੱਖੋਵਾਲ, ਜਗਦੀਸ ਸਿੰਘ ਸਰਾਓ, ਜਸਪਾਲ ਸਿੰਘ ਸਮੇਤ ਅਕਾਲੀ ਦਲ ਦੇ ਵੱਡੀ ਗਿਣਤੀ ਵਰਕਰ ਹਾਜ਼ਰ ਸਨ।