ਬੂਥ ਮਾਰਕੀਟ ਫੇਜ਼-10 ਵਿੱਚ ਦੁਕਾਨਦਾਰਾਂ ਵੱਲੋਂ ਟਾਈਲਾਂ ਲਗਾਉਣ ਦਾ ਵਿਰੋਧ, ਕੰਮ ਰੋਕਿਆ

ਜਲ ਨਿਕਾਸੀ ਪਾਈਪਲਾਈਨ ਵਿੱਚ ਰਹਿੰਦ ਖਹੂੰਦ ਸੁੱਟੇ ਜਾਣ ਕਾਰਨ ਗੰਦਾ ਪਾਣੀ ਓਵਰਫਲੋ

ਦੁਕਾਨਦਾਰਾਂ ਵੱਲੋਂ ਬੂਥ ਮਾਰਕੀਟ ਸਾਹਮਣੇ ਕਥਿਤ ਅਣਅਧਿਕਾਰਤ ਤੌਰ ’ਤੇ ਪਾਈਪ ਪਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਮੁਹਾਲੀ ਨਗਰ ਨਿਗਮ ਦੀ ਟੀਮ ਵੱਲੋਂ ਅੱਜ ਇੱਥੋਂ ਫੇਜ਼-10 ਦੀ ਬੂਥ ਮਾਰਕੀਟ ਵਿੱਚ ਟਾਈਲਾਂ ਲਗਾਉਣ ਸਮੇਂ ਦੁਕਾਨਦਾਰਾਂ ਨੇ ਵਿਰੋਧ ਕਰਦਿਆਂ ਕੰਮ ਰੁਕਵਾ ਦਿੱਤਾ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਪਹਿਲਾਂ ਬੂਥਾਂ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਪਾਈਪ ਨੂੰ ਪੁੱਟਿਆ ਜਾਵੇ। ਮੌਕੇ ’ਤੇ ਹਾਜ਼ਰ ਦੁਕਾਨਦਾਰਾਂ ਨੇ ਦੱਸਿਆ ਕਿ ਬੂਥ ਮਾਰਕੀਟ ਦੇ ਬੂਥ ਨੰਬਰ-120 ਤੋਂ ਲੈ ਕੇ 136 ਤੱਕ ਦੇ ਅੱਗੇ ਅੱਜ ਨਗਰ ਨਿਗਮ ਦੇ ਕਰਮਚਾਰੀ ਟਾਈਲਾਂ ਲਗਾਉਣ ਆਏ ਸੀ। ਇਸ ਥਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਦੀਵਾਲੀ ਤੋਂ ਪਹਿਲਾਂ ਪਾਈਪ ਪਾਈ ਗਈ ਸੀ ਪ੍ਰੰਤੂ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਕੁਝ ਦੁਕਾਨਦਾਰਾਂ ਵੱਲੋਂ ਪਾਈਪ ਵਿੱਚ ਰਹਿੰਦ ਖਹੂੰਦ ਅਤੇ ਗੰਦਾ ਪਾਣੀ ਸੁੱਟਣਾ ਸ਼ੁਰੂ ਕਰ ਦੇਣ ਕਾਰਨ ਪਾਈਪ ਜਾਮ ਹੋ ਗਈ ਅਤੇ ਗੰਦਾ ਪਾਣੀ ਓਵਰਫਲੋ ਹੋਣਾ ਸ਼ੁਰੂ ਹੋ ਗਿਆ। ਜਿਸ ਕਾਰਨ ਬਾਕੀ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਅੱਜ ਇੱਥੇ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਿਸ ਦਾ ਦੁਕਾਨਦਾਰਾਂ ਨੇ ਵਿਰੋਧ ਕਰਦਿਆਂ ਫਿਲਹਾਲ ਕੰਮ ਬੰਦ ਕਰਵਾ ਦਿੱਤਾ।
ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਅਧਿਕਾਰੀਆਂ ਨੇ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਇਸਦੇ ਬਾਵਜੂਦ ਨਿਗਮ ਅਧਿਕਾਰੀ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਬੂਥਾਂ ਦੇ ਸਾਹਮਣੇ ਪਾਈਪ ਕਿਵੇਂ ਪਾ ਦਿੱਤੀ ਗਈ ਹੈ।
ਨਗਰ ਨਿਗਮ ਦੇ ਐਸਡੀਓ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਜੇਈ ਨੂੰ ਮੌਕੇ ’ਤੇ ਭੇਜ ਕੇ ਰਿਪੋਰਟ ਤਲਬ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੂਥਾਂ ਦੇ ਸਾਹਮਣੇ ਪਾਈਪ ਪਾਉਣ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੁਕਾਨਦਾਰਾਂ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ। ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਲੇਕਿਨ ਹੁਣ ਉਹ ਸਬੰਧਤ ਅਧਿਕਾਰੀ ਨੂੰ ਮੌਕੇ ’ਤੇ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…