ਚੱਪੜਚਿੜੀ ਨੂੰ ਮੁਹਾਲੀ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਦਾ ਤਿੱਖਾ ਵਿਰੋਧ

ਪਿੰਡ ਚੱਪੜਚਿੜੀ ਦੇ ਵਸਨੀਕਾਂ ਨੂੰ ਕਰੋੜਾਂ-ਅਰਬਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਖੁੱਸਣ ਦਾ ਖ਼ਦਸ਼ਾ

ਪਿੰਡ ਵਾਸੀਆਂ ਨੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਨੋਟੀਫ਼ਿਕੇਸ਼ਨ ਜਾਰੀ ਕਰਨ ’ਤੇ ਇਤਰਾਜ਼ ਜਤਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਇੱਥੋਂ ਦੇ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ ਕਲਾਂ ਨੂੰ ਮੁਹਾਲੀ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਦਾ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਪਿੰਡ ਦੇ ਬਾਸ਼ਿੰਦਿਆਂ ਨੇ ਚੱਪੜਚਿੜੀ ਦੀ ਕਰੋੜਾਂ-ਅਰਬਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਖੁੱਸਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਇਸ ਸਬੰਧੀ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਚੱਪੜਚਿੜੀ ਨੂੰ ਮੁਹਾਲੀ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਮੁੱਢੋਂ ਰੱਦ ਕਰਦਿਆਂ ਆਪਣਾ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ।
ਪਿੰਡ ਦੇ ਸਾਬਕਾ ਸਰਪੰਚ ਸੋਹਨ ਸਿੰਘ ਤੇ ਗੁਰਮੇਲ ਸਿੰਘ, ਹਰਵਿੰਦਰ ਸਿੰਘ ਸਾਬਕਾ ਪੰਚ ਅਤੇ ਇਤਿਹਾਸਕ ਗੁਰਦੁਆਰਾ ਚੱਪੜਚਿੜੀ ਕਲਾਂ ਦੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਚੱਪੜਚਿੜੀ, ਮੁਹਾਲੀ ਦੀ ਜੂਹ ਵਿੱਚ ਵਸਿਆ ਹੋਣ ਕਾਰਨ ਹੋਰਨਾਂ ਪਿੰਡਾਂ ਦੇ ਮੁਕਾਬਲੇ ਇੱਥੇ ਜ਼ਮੀਨ ਦੀ ਬਹੁਤ ਕੀਮਤ ਹੈ। ਜਿਸ ਕਾਰਨ ਸ਼ੁਰੂ ਤੋਂ ਹੀ ਸਿਆਸਤਦਾਨਾਂ ਦੀ ਸ਼ਾਮਲਾਤ ਜ਼ਮੀਨ ’ਤੇ ਅੱਖ ਹੈ। ਉਨ੍ਹਾਂ ਕਿਹਾ ਕਿ ਚੱਪੜਚਿੜੀ ਪਿੰਡ ਪਹਿਲਾਂ ਹੀ ਕਾਫ਼ੀ ਵਿਕਸਤ ਹੈ ਪ੍ਰੰਤੂ ਹੁਣ ਸਰਕਾਰ ਨੇ ਚੱਪੜਚਿੜੀ ਦੀ ਸ਼ਾਮਲਾਤ ਜ਼ਮੀਨ ਜ਼ਿਆਦਾ ਹੋਣ ਕਰਕੇ ਪਿੰਡ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਦਾ ਪੈਂਤੜਾ ਖੇਡਿਆ ਹੈ ਤਾਂ ਜੋ ਅਰਬਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਹਥਿਆਈ ਜਾ ਸਕੇ। ਵੈਸੇ ਵੀ ਨਗਰ ਨਿਗਮ ਦੀ ਹੱਦ ਵਿੱਚ ਉਨ੍ਹਾਂ ਹੀ ਪਿੰਡਾਂ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਿਨ੍ਹਾਂ ਪਿੰਡਾਂ ਕੋਲ ਜ਼ਿਆਦਾ ਸ਼ਾਮਲਾਤ ਜ਼ਮੀਨਾਂ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਚੱਪੜਚਿੜੀ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਕੇ ਸਰਬਪੱਖੀ ਵਿਕਾਸ ਕਰਨ ਮਹਿਜ਼ ਢੌਂਗ ਰਚਿਆ ਜਾ ਰਿਹਾ ਹੈ, ਦਰਅਸਲ ਹੁਕਮਰਾਨਾਂ ਦੀ ਅੱਖ ਤਾਂ ਸ਼ਾਮਲਾਤ ਜ਼ਮੀਨ ’ਤੇ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਨਗਰ ਨਿਗਮ ਵਿੱਚ ਸ਼ਾਮਲ ਛੇ ਪਿੰਡਾਂ ਸੋਹਾਣਾ, ਕੁੰਭੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰਾ ਅਤੇ ਮੁਹਾਲੀ ਪਿੰਡ ਦੀ ਹਾਲਤ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਨਗਰ ਨਿਗਮ ਅਤੇ ਸਰਕਾਰ ਪਿੰਡਾਂ ਦੇ ਵਿਕਾਸ ਲਈ ਕਿੰਨੀ ਕੁ ਸੁਹਿਰਦ ਹੈ। ਇਨ੍ਹਾਂ ਪਿੰਡਾਂ ਦੇ ਲੋਕ ਸ਼ੁਰੂ ਤੋਂ ਹੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਵਿਰੋਧ ਕਰਨ ਦਾ ਇਕ ਕਾਰਨ ਇਹ ਵੀ ਹੈ ਕਿ ਨਕਸ਼ਾ ਫੀਸ, ਪ੍ਰਾਪਰਟੀ ਟੈਕਸ ਸਮੇਤ ਹੋਰ ਫਾਲਤੂ ਦੇ ਟੈਕਸਾਂ ਦੀ ਭਰਪਾਈ ਕਰਨੀ ਪਵੇਗੀ। ਮੁਹਾਲੀ ਨਿਗਮ ਦੇ ਪਿੰਡਾਂ ਦੇ ਵਸਨੀਕਾਂ ਨੂੰ ਮ੍ਰਿਤਕ ਵਿਅਕਤੀ ਦੇ ਅੰਤਿਮ ਸਸਕਾਰ ਲਈ ਬਲੌਂਗੀ ਨੇੜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਜਾਣਾ ਪੈਂਦਾ ਹੈ। ਇਹੀ ਦਿੱਕਤਾਂ ਉਨ੍ਹਾਂ ਨੂੰ ਵੀ ਝੱਲਣੀਆਂ ਪੈਣਗੀਆਂ। ਉਨ੍ਹਾਂ ਮੰਗ ਕੀਤੀ ਕਿ ਪਿੰਡ ਚੱਪੜਚਿੜੀ ਕਲਾਂ ਨੂੰ ਮੁਹਾਲੀ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਨਾ ਕੀਤਾ ਜਾਵੇ।

ਇਸ ਮੌਕੇ ਸੁਰਮੁੱਖ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਕੇਸਰ ਸਿੰਘ, ਤੇ ਦਰਸ਼ਨ ਸਿੰਘ (ਤਿੰਨੇ ਪੰਚ), ਜਤਿੰਦਰ ਸਿੰਘ, ਮੋਹਨ ਸਿੰਘ ਸਾਬਕਾ ਪੰਚ, ਮਲਕੀਤ ਸਿੰਘ ਅਤੇ ਜਸਪ੍ਰੀਤ ਸਿੰਘ ਰਾਣਾ ਮੌਜੂਦ ਸਨ ਜਦੋਂਕਿ ਕਮਿਸ਼ਨਰ ਨੂੰ ਲਿਖੇ ਪੱਤਰ ਉੱਤੇ ਸਰਪੰਚ ਕੈਪਟਨ ਪਿਆਰਾ ਸਿੰਘ, ਨੰਬਰਦਾਰ ਹਰਬੰਸ ਸਿੰਘ ਸਮੇਤ ਚਰਨਜੀਤ ਕੌਰ, ਹਰਮੀਤ ਸਿੰਘ, ਮਨਜੀਤ ਕੌਰ, ਜਗਮੀਤ ਸਿੰਘ, ਮਲਕੀਤ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੀਪ ਕੌਰ, ਹਰਭਜਨ ਸਿੰਘ, ਕੁਲਦੀਪ ਕੌਰ, ਮਨਦੀਪ ਸਿੰਘ ਦੇ ਵੀ ਹਸਤਾਖ਼ਰ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …