
ਸ਼ਹੀਦ ਭਗਤ ਸਿੰਘ ਦੀ ਇਤਿਹਾਸਕ ਧਰੋਹਰ ਬਚਾਉਣ ਲਈ ਰੋਸ ਪ੍ਰਦਰਸ਼ਨ, ਅਨਮੋਲ ਗਗਨ ਮਾਨ ਦੀ ਕੋਠੀ ਵੱਲ ਕੂਚ
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਰਾਹ ਰੋਕਿਆ, ਸੀਐਮ ਦੇ ਫ਼ੀਲਡ ਅਫ਼ਸਰ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ, ਮੁਹਾਲੀ, 28 ਸਤੰਬਰ:
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਨੌਜਵਾਨ ਭਾਰਤ ਸਭਾ ਵੱਲੋਂ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਾਜ਼ਾਰ ਵਿੱਚ ਸਥਿਤ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ, ਪੰਜਾਬ ਦੀਆਂ ਸਮੁੱਚੀਆਂ ਯਾਦਗਾਰਾਂ ਨੂੰ ਸਾਂਭਣ ਦੀ ਮੰਗ ਨੂੰ ਲੈ ਕੇ ਅੱਜ ਮੁਹਾਲੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਇਸ ਦੌਰਾਨ ਨੌਜਵਾਨ ਲੜਕੇ-ਲੜਕੀਆਂ ਨੇ ਇੱਥੋਂ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਲੇਕਿਨ ਬੁੜੈਲ ਜੇਲ੍ਹ ਦੇ ਪਿੱਛੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਲਿਆ। ਜਿਸ ਕਾਰਨ ਉਹ ਇੱਥੇ ਸੜਕ ’ਤੇ ਹੀ ਧਰਨਾ ਲਗਾ ਕੇ ਬੈਠ ਗਏ। ਇਸ ਧਰਨਾ ਪ੍ਰਦਰਸ਼ਨ ਵਿੱਚ ਮੁਹਾਲੀ ਸਮੇਤ ਪਟਿਆਲਾ, ਸੰਗਰੂਰ, ਮਲੇਰਕੋਟਲਾ, ਮੋਗਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ’ਚੋਂ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਉਧਰ, ਸੂਚਨਾ ਮਿਲਦੇ ਹੀ ਮੁੱਖ ਮੰਤਰੀ ਦਫ਼ਤਰ ਦੇ ਫ਼ੀਲਡ ਅਫ਼ਸਰ ਇੰਦਰਵੀਰ ਸਿੰਘ ਨੇ ਸਭਾ ਦੇ ਮੈਂਬਰਾਂ ਤੋਂ ਮੰਗ ਪੱਤਰ ਲਿਆ ਅਤੇ ਭਲਕੇ 29 ਸਤੰਬਰ ਨੂੰ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਵਰਿੰਦਰ ਸ਼ਰਮਾ ਨਾਲ ਬਾਅਦ ਦੁਪਹਿਰ 3 ਵਜੇ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਅਧਿਕਾਰੀ ਨੇ ਨੌਜਵਾਨਾਂ ਨੂੰ ਮੀਟਿੰਗ ਸਬੰਧੀ ਪੱਤਰ ਵੀ ਖ਼ੁਦ ਧਰਨੇ ਵਿੱਚ ਆ ਕੇ ਦਿੱਤਾ। ਅਧਿਕਾਰੀ ਨੇ ਆਉਣ ਵਾਲੇ ਦਿਨਾਂ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਵੀ ਮੀਟਿੰਗ ਕਰਵਾਉਣ ਦੀ ਗੱਲ ਕਹੀ।
ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚੌਂਦਾ, ਜਨਰਲ ਸਕੱਤਰ ਮੰਗਾ ਸਿੰਘ ਆਜ਼ਾਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦਾ ਨਾਅਰਾ ਅਤੇ ਸ਼ਹੀਦਾਂ ਦਾ ਨਾਂ ਵਰਤ ਕੇ ਸੱਤਾ ਵਿੱਚ ਆਈ ਹੈ ਪਰ ਸੂਬੇ ਵਿੱਚ ਸ਼ਹੀਦਾਂ ਦੀਆਂ ਯਾਦਗਾਰਾਂ ਰੁਲ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਯਾਦਗਾਰਾਂ ਖੰਡਰ ਬਣ ਗਈਆਂ ਹਨ। ਫਿਰੋਜ਼ਪੁਰ ਤੂੜੀ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕ੍ਰਾਂਤੀਕਾਰੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ 10 ਅਗਸਤ 1928 ਨੂੰ ਗੁਪਤ ਹੈੱਡਕੁਆਰਟਰ ਬਣਾਇਆ, ਜੋ ਕਿ ਉਨ੍ਹਾਂ ਦੀਆਂ ਗੁਪਤ ਸਰਗਰਮੀਆਂ ਦਾ ਕੇਂਦਰ ਰਿਹਾ। ਇਸ ਟਿਕਾਣੇ ਦਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਰਿਹਾ ਹੈ।
ਸਾਂਡਰਸ ਕਤਲ ਕਾਂਡ ਦੀ ਯੋਜਨਾ ਇਸੇ ਚੁਬਾਰੇ ਵਿੱਚ ਬੈਠ ਕੇ ਕੀਤੀ ਗਈ ਅਤੇ ਇਸ ਲਈ ਨਿਸ਼ਾਨੇਬਾਜ਼ੀ ਵੀ ਇੱਥੇ ਹੀ ਸਿੱਖੀ ਗਈ। ਭੇਸ ਬਦਲਣ ਲਈ ਸ਼ਹੀਦ ਭਗਤ ਸਿੰਘ ਨੇ ਆਪਣੇ ਕੇਸ ਅਤੇ ਦਾੜ੍ਹੀ ਇਸੇ ਟਿਕਾਣੇ ’ਤੇ ਕਟਵਾਏ ਸੀ। ਅੰਗਰੇਜ਼ ਸਰਕਾਰ ਨੇ ਇਸ ਟਿਕਾਣੇ ਤੋਂ ਬੰਬ ਬਣਾਉਣ ਦੀ ਸਮੱਗਰੀ, ਇੱਕ ਖੱਦਰ ਦਾ ਥੈਲਾ, ਚਾਕੂ, ਇੱਕ ਕਿਤਾਬ ‘ਰੋਡ ਟੂ ਫਰੀਡਮ’ ਹੋਰ ਵੀ ਸਮਾਨ ਬਰਾਮਦ ਕੀਤਾ ਸੀ। ਅੰਗਰੇਜ਼ ਸਰਕਾਰ ਦੇ ਤਿੰਨ ਮੈਜਿਸਟਰੇਟ ਅਧਿਕਾਰੀਆਂ ਨੇ ਇਸ ਟਿਕਾਣੇ ਦੀ ਨਿਸ਼ਾਨਦੇਹੀ ਕੀਤੀ। ਇਸੇ ਥਾਂ ’ਤੇ ਸ਼ਿਵ ਵਰਮਾ ਨੇ ਫਾਂਸੀ ਚੜ੍ਹਨ ਵਾਲੇ 56 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਚਾਂਦ ਰਸਾਲੇ ਲਈ ਲਿਖੀਆਂ। ਇਸ ਤੋਂ ਇਲਾਵਾ 19 ਗਵਾਹਾਂ ਨੇ ਭਗਤ ਸਿੰਘ ਹੂਰਾਂ ਖ਼ਿਲਾਫ਼ ਫਿਰੋਜ਼ਪੁਰ ਤੋਂ ਗਵਾਹੀ ਦਿੱਤੀ।
ਸੂਬਾ ਆਗੂ ਨੌਨਿਹਾਲ ਸਿੰਘ ਦੀਪਸਿੰਘਵਾਲਾ, ਕਰਮਜੀਤ ਮਾਣੂਕੇ ਅਤੇ ਦਵਿੰਦਰ ਛਬੀਲਪੁਰ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਸਰਕਾਰ ਰੋਲ ਰਹੀ ਹੈ। ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਕਾਲਜ ਵਿੱਚ ਰੱਖੀਆਂ ਹੋਈਆਂ ਹਨ, ਲੋਕ ਲਗਾਤਾਰ ਮੰਗ ਕਰ ਰਹੇ ਹਨ ਕਿ ਅਸਥੀਆਂ ਮਿਊਜ਼ੀਅਮ ਵਿੱਚ ਰੱਖੀਆਂ ਜਾਣ, ਸ਼ਹੀਦ ਮਦਨ ਲਾਲ ਢੀਂਗਰਾ ਦਾ ਅੰਮ੍ਰਿਤਸਰ ਵਿੱਚ ਜੱਦੀ ਘਰ ਖੰਡਰ ਬਣ ਚੁੱਕਾ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਘਰ ਮੀਂਹ ਦੇ ਮੌਸਮ ਵਿੱਚ ਚਿਉਣ ਲੱਗ ਜਾਂਦਾ ਹੈ ਅਤੇ ਘਰ ਵੱਲ ਜਾਂਦੀ ਗਲੀ ਦਾ ਸੀਵਰੇਜ ਓਵਰਫਲੋਅ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿਹਾ ਤੂੜੀ ਬਾਜ਼ਾਰ ਦੇ ਗੁਪਤ ਟਿਕਾਣੇ ਤੋਂ ਇਲਾਵਾ ਸਮੂਹ ਯਾਦਗਾਰਾਂ ਨੂੰ ਸਾਂਭਿਆ ਜਾਵੇ।

ਸਭਾ ਦੇ ਆਗੂ ਖੁਸ਼ਵੰਤ ਹਨੀ, ਸੁਖਦੇਵ ਮੰਡਿਆਲਾ, ਸਤਨਾਮ ਡਾਲਾ, ਰਜਿੰਦਰ ਰਾਜੇਆਣਾ, ਹਰਜਿੰਦਰ ਖੋਖਰ, ਵਿਜੈ ਕੁਮਾਰ, ਰਾਜਪ੍ਰੀਤ ਸਿੰਘ, ਨਗਿੰਦਰ ਸਿੰਘ, ਲਖਵੀਰ ਬੀਹਲੇਵਾਲਾ, ਜਸਵੰਤ ਜਵਾਏ ਸਿੰਘ ਵਾਲਾ, ਭਰਾਤਰੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ ਅਤੇ ਸੁਖਪ੍ਰੀਤ ਕੌਰ ਨੇ ਸੰਬੋਧਨ ਕੀਤਾ।