
ਪੰਜਾਬ ਪੁਲੀਸ ਦੇ ਸਿਪਾਹੀ ਦੀ ਲਿਖਤੀ ਪ੍ਰੀਖਿਆ ਤੇ ਫਿਜ਼ੀਕਲ ਟੈੱਸਟ ਦੇਣ ਵਾਲੇ ਨੌਜਵਾਨਾਂ ਵੱਲੋਂ ਰੋਸ ਮੁਜ਼ਾਹਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਪੰਜਾਬ ਪੁਲੀਸ ਵਿੱਚ ਸਿਪਾਹੀ ਦੀ ਭਰਤੀ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੇ ਅੱਜ ਇੱਥੋਂ ਦੇ ਫੇਜ਼-7 ਸਥਿਤ ਪੰਜਾਬ ਪੁਲੀਸ ਦੇ ਐਨਆਰਆਈ ਵਿੰਗ ਦੇ ਮੁੱਖ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੀੜਤ ਨੌਜਵਾਨ ਹਰਿੰਦਰ ਸਿੰਘ, ਰਜਿੰਦਰ ਸਿੰਘ, ਸ਼ਿਵਮ ਕੌਸ਼ਲ, ਪੁਨੀਤ ਅਤੇ ਸੁਖਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਪੰਜਾਬ ਪੁਲੀਸ ਸਮੇਤ ਵੱਖ-ਵੱਖ ਅਸਾਮੀਆਂ ਲਈ ਇਸ਼ਤਿਹਾਰ ਦਿੱਤੇ ਗਏ ਸਨ ਪਰ ਹੁਣ ਤੱਕ ਜ਼ਿਆਦਾਤਰ ਭਰਤੀਆਂ ਦਾ ਮਾਮਲਾ ਲਮਕ ਰਿਹਾ ਹੈ। ਜਿਸ ਕਾਰਨ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਿਪਾਹੀ ਭਰਤੀ ਹੋਣ ਲਈ ਖੱਜਲ-ਖੁਆਰ ਹੋ ਰਹੇ ਨੌਜਵਾਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਪੁਲੀਸ ਵਿੱਚ 4358 ਸਿਪਾਹੀ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਗਿਆ ਸੀ। ਜਿਸ ਦੀ ਲਿਖਤੀ ਪ੍ਰੀਖਿਆ ਲੈਣ ਉਪਰੰਤ ਉਮੀਦਵਾਰਾਂ ਨੂੰ ਫਿਜ਼ੀਕਲ ਟੈੱਸਟ ਲਈ ਬੁਲਾਇਆ ਗਿਆ ਸੀ। ਲੇਕਿਨ ਹੁਣ ਤੱਕ ਨੌਜਵਾਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਿਪਾਹੀ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟੈੱਸਟ ਦੇਣ ਵਾਲੇ ਉਮੀਦਵਾਰਾਂ ਦਾ ਤੁਰੰਤ ਨਤੀਜਾ ਐਲਾਨਿਆ ਜਾਵੇ ਅਤੇ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਕਿਸੇ ਵੀ ਸਮੇਂ ਲੱਗ ਸਕਦਾ ਹੈ। ਜੇਕਰ ਉਦੋਂ ਤੱਕ ਸਰਕਾਰ ਨੇ ਨਤੀਜਾ ਘੋਸ਼ਿਤ ਕਰਕੇ ਸਫਲ ਉਮੀਦਵਾਰਾਂ ਨੂੰ ਨੌਕਰੀ ਨਾ ਦਿੱਤੀ ਤਾਂ ਇਹ ਕੰਮ ਹੋਰ ਅੱਗੇ ਲਮਕ ਜਾਵੇਗਾ ਅਤੇ ਉਨ੍ਹਾਂ ਨੂੰ ਨੌਕਰੀ ਲਈ ਹੋਰ ਲੰਮੀ ਉਡੀਕ ਕਰਨੀ ਪੈ ਸਕਦੀ ਹੈ।