
ਪਿੰਡ ਦਾਊਂ ਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਫਲਾਈਓਵਰ ਦੇ ਹੇਠਾਂ ਦਾਊਂ ਅੱਡੇ ’ਤੇ ਲਾਂਘਾ ਨਾ ਦੇਣ ਵਿਰੁੱਧ ਰੋਸ ਪ੍ਰਦਰਸ਼ਨ
ਲਾਂਘਾ ਨਾ ਛੱਡਣ ਦਾ ਮਾਮਲਾ: ਦਾਊਂ ਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਬਾਈਕਾਟ ਦਾ ਐਲਾਨ?
ਗਲਤ ਸਾਈਡ ਤੋਂ ਆਉਣ ਕਾਰਨ ਪੁਲੀਸ ਨਾਕਾ ਲਗਾ ਕੇ ਕੱਟਦੀ ਹੈ ਟਰੈਫ਼ਿਕ ਚਲਾਨ, ਲੋਕ ਅੌਖੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਮੁਹਾਲੀ ਤੋਂ ਖਾਨਪੁਰ ਤੱਕ ਬਣਾਏ ਗਏ ਫਲਾਈਓਵਰ ਦੇ ਹੇਠਾਂ ਇੱਥੋਂ ਦੇ ਇਤਿਹਾਸਕ ਨਗਰ ਪਿੰਡ ਦਾਊਂ ਅਤੇ ਹੋਰਨਾਂ ਦਰਜਨਾਂ ਪਿੰਡਾਂ ਲਈ ਲਾਂਘਾ ਨਾ ਛੱਡਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਪਿੰਡਾਂ ਦੇ ਵਸਨੀਕਾਂ ਨੇ ਅੱਜ ਵਰ੍ਹਦੇ ਮੀਂਹ ਵਿੱਚ ਲਾਂਘਾ ਛੱਡਣ ਲਈ ਝੂਠੇ ਲਾਰੇ ਲਗਾਉਣ ਵਾਲੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਭਾਜਪਾ ਲੀਡਰਸ਼ਿਪ ਸਮੇਤ ਨੈਸ਼ਨਲ ਹਾਈਵੇਅ ਅਥਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ਚੋਣਾਂ ਦੌਰਾਨ ਉਕਤ ਪਾਰਟੀਆਂ ਦਾ ਬਾਈਕਾਟ ਕਰਕੇ ਉਮੀਦਵਾਰਾਂ ਦੀ ਨੀਂਦ ਉਡਾ ਦਿੱਤੀ ਹੈ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਬਾਬਾ ਖੜਕ ਸਿੰਘ ਦਾਊਂ ਸਾਹਿਬ ਦੇ ਅਸਥਾਨ ’ਤੇ ਨਤਮਸਤਕ ਹੋਣ ਆਉਂਦੀ ਸੰਗਤ ਅਤੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਬਾਈਕਾਟ ਕੀਤਾ ਜਾਵੇ ਅਤੇ ਸਬੰਧਤ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਲਈ ਆਪਣੇ ਪਿੰਡਾਂ ਦੀਆਂ ਸੱਥਾਂ ਵਿੱਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਤਿਹਾਸਕ ਪਿੰਡ ਦਾਊਂ ਡੇਰਾ ਬਾਬਾ ਖੜਕ ਸਿੰਘ ਨਾਲ ਜਾਣਿਆ ਜਾਂਦਾ ਹੈ। ਇੱਥੇ ਹਰ ਐਤਵਾਰ ਅਤੇ ਸੰਗਰਾਂਦ ਨੂੰ ਮੇਲਾ ਭਰਦਾ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਪ੍ਰੰਤੂ ਫਲਾਈਓਵਰ ਬਣਾਉਣ ਸਮੇਂ ਪਿੰਡ ਦਾਊਂ ਲਈ ਲਾਂਘਾ ਨਹੀਂ ਛੱਡਿਆ ਗਿਆ ਲੇਕਿਨ ਬਿਲਡਰ ਤੋਂ ਪੈਸੇ ਲੈ ਕੇ ਪਿੰਡ ਤੋਂ ਥੋੜਾ ਅੱਗੇ ਕਲੋਨੀ ਨੂੰ ਸਿੱਧਾ ਲਾਂਘਾ ਦਿੱਤਾ ਗਿਆ ਹੈ। ਜਿਸ ਕਾਰਨ ਇਸ ਅਸਥਾਨ ਦੀ ਸੰਗਤ ਅਤੇ ਪਿੰਡਾਂ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਨਿਰਮਾਣ ਸਮੇਂ ਪਿੰਡਾਂ ਦੇ ਵਸਨੀਕਾਂ ਵੱਲੋਂ ਕਈ ਵਾਰ ਧਰਨੇ ਦਿੱਤੇ ਗਏ ਅਤੇ ਟਰੈਫ਼ਿਕ ਜਾਮ ਕਰਕੇ ਰੋਸ ਪ੍ਰਗਟਾਇਆ ਜਾਂਦਾ ਰਿਹਾ ਹੈ ਪ੍ਰੰਤੂ ਸਮੇਂ ਸਮੇਂ ’ਤੇ ਵਿਧਾਇਕ ਬਲਬੀਰ ਸਿੱਧੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਲਾਂਘਾ ਛੱਡਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਸਬੰਧੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਗਈਆਂ ਹਨ ਲੇਕਿਨ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਪੱਲੇ ਨਹੀਂ ਪਿਆ।
ਪਿੰਡ ਵਾਸੀ ਹਰਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਬੀਤੀ 14 ਜਨਵਰੀ ਨੂੰ ਮਾਘੀ ਮੇਲੇ ਦੌਰਾਨ ਇਲਾਕੇ ਵਿੱਚ ਫਲੈਕਸਾਂ ਲਗਾ ਕੇ ਮੀਡੀਆ ਰਾਹੀਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ‘ਜੇ ਰਸਤਾ ਨਹੀਂ ਦਿੱਤਾ ਤਾਂ ਵੋਟ ਵੀ ਨਹੀਂ’ ਮਿਲੇਗੀ। ਇਸ ਚਿਤਾਵਨੀ ਦਾ ਉਕਤ ਆਗੂਆਂ ’ਤੇ ਕੋਈ ਅਸਰ ਨਹੀਂ ਹੋਇਆ। ਜਿਸ ਕਾਰਨ ਪਿੰਡ ਵਾਸੀਆਂ ਨੂੰ ਉਕਤ ਪਾਰਟੀਆਂ ਦੇ ਬਾਈਕਾਟ ਕਰਨ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਗੁਰਨਾਮ ਸਿੰਘ ਦਾਊਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਆਪਸੀ ਸਹਿਮਤੀ ਨਾਲ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਬਾਰੇ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਓਂਕਾਰ ਸਿੰਘ, ਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।