nabaz-e-punjab.com

ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਅਦਾਰਿਆਂ ਦੇ ਦਾਖਲ ਹੋਣ ਦੀ ਤਜਵੀਜ਼ ਦਾ ਵਿਰੋਧ

ਜਨਤਕ ਸਿੱਖਿਆ ਦਾ ਨਿੱਜ਼ੀਕਰਨ ਕਰਨ ਦੀ ਥਾਂ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਏ: ਡੀਟੀਐਫ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀ ਨਿੱਜ਼ੀ ਅਦਾਰਿਆਂ ਨੂੰ ਸਰਕਾਰੀ ਸਕੂਲਾਂ ਦੇ ਨੌਵੀਂ ਤੋਂ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ਾ ਪੜਾਉਣ ਲਈ ਸੱਦਾ ਦੇਣ ਦੇ ਪ੍ਰਸਤਾਵ ਦਾ ਸਖਤ ਵਿਰੋਧ ਕੀਤਾ ਹੈ। ਡੀ.ਟੀ.ਐਫ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਅਤੇ ਸੂਬਾ ਸਕੱਤਰ ਦਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਆਪਣੀਆਂ ਨਿੱਜ਼ੀ ਸਿੱਖਿਆ ਸੰਸਥਾਨਾਂ ਰਾਹੀ ਆਮ ਲੋਕਾਂ ਤੋਂ ਮੋਟੀਆਂ ਫੀਸਾਂ ਵਸੂਲ ਕਰਨ ਵਾਲੇ ਨਿੱਜ਼ੀ ਅਦਾਰਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਸੱਦਾ ਦੇਣ ਦੀ ਤਜਵੀਜ਼ ਗਰੀਬ ਅਤੇ ਮੱਧ ਵਰਗ ਦੇ ਵਿਦਿਆਰਥੀਆਂ ਤੋਂ ਸਸਤੀ ਸਰਕਾਰੀ ਸਿੱਖਿਆ ਖੋਹਣ ਦੀ ਸ਼ਾਜਿਸ ਹੈ।
ਆਗੂਆਂ ਨੇ ਦੱਸਿਆ ਕਿ ਨਿੱਜ਼ੀ ਸਿੱਖਿਆ ਅਦਾਰੇ ਮੈਡੀਕਲ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਆਮ ਲੋਕਾਂ ਦੀ ਅੰਨੀ ਲੁੱਟ ਮਚਾ ਰਹੇ ਹਨ। ਬੀਤੇ ਸਮੇਂ ਵਿੱਚ ਰਾਜਪੁਰੇ ਵਿੱਚਲੇ ਗਿਆਨ ਸਾਗਰ ਮੈਡੀਕਲ ਕਾਲਜ ਤੇ ਪਠਾਨਕੋਟ ਦੇ ਨਿੱਜ਼ੀ ਮੈਡੀਕਲ ਕਾਲਜਾਂ ਨੂੰ ਅੱਧ ਵਿਚਾਲੇ ਬੰਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਅਜਿਹੇ ਨਿੱਜ਼ੀ ਅਦਾਰਿਆਂ ਦੀ ਬਜਾਰੂ ਸੋਚ ਨੂੰ ਉਜਾਗਰ ਕਰਦਾ ਹੈ। ਅਜਿਹੇ ਘਟਨਾਕ੍ਰਮ ਵਿੱਚ ਨਿੱਜ਼ੀ ਸਿੱਖਿਆ ਅਦਾਰਿਆਂ ਦਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਹੋਰ ਵਿਸ਼ਿਆਂ ਦੀ ਮਿਆਰੀ ਸਿੱਖਿਆ ਦੇਣ ਦੇ ਨਾਮ ਹੇਠ ਅਪਣਾਉਣ ਦੀ ਤਜਵੀਜ਼ ਕੇਵਲ ਜਨਤਕ ਸਿੱਖਿਆ ਦੇ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਲੈ ਕੇ ਵਾਧੂ ਕਮਾਈ ਦਾ ਸਾਧਨ ਬਣਾਉਣਾ ਦਾ ਨਿਸ਼ਾਨਾ ਹੈ।
ਡੀ.ਟੀ.ਐਫ ਦੇ ਸੂਬਾ ਆਗੂ ਜਰਮਨਜੀਤ ਸਿੰਘ ਅਤੇ ਵਿਕਰਮ ਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕੇ ਪੰਜਾਬ ਦੇ ਸਰਕਾਰੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹਰੇਕ ਵਿਸ਼ੇ ਦੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਭੋਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਜੀਵ ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਨਵੀਂ ਤਕਨੀਕ ਅਨੁਸਾਰ ਲੋੜੀਦਾਂ ਢਾਂਚਾ, ਪ੍ਰਯੋਗੀ ਸਮਾਨ ਅਤੇ ਹੋਰ ਸਾਧਨ ਮੁਹਇਆ ਕਰਵਾਉਣ ਲਈ ਸਰਕਾਰ ਸਿੱਧੇ ਤੌਰ ਤੇ ਬਣਦੀ ਗਰਾਂਟ ਜਾਰੀ ਕਰਕੇ ਆਪਣੀ ਜਿੰਮੇਵਾਰੀ ਨਿਭਾਏ।
ਆਗੂਆਂ ਨੇ ਸਰਕਾਰ ਦੇ ਸਿੱਖਿਆ ਵਰਗੇ ਲੋਕ ਭਲਾਈ ਖੇਤਰ ਵਿੱਚ ਨਿੱਜ਼ੀ ਅਦਾਰਿਆਂ ਦੇ ਦਾਖਲੇ ਰਾਹੀ ਵਿਭਾਗਾਂ ਦੇ ਨਿੱਜ਼ੀਕਰਨ ਦਾ ਅਜੰਡਾ ਲਾਗੂ ਕਰਨ ਦੇ ਹਰੇਕ ਕਦਮ ਦਾ ਡਟਵਾਂ ਵਿਰੋਧ ਕਰਨ ਅਤੇ ਆਮ ਲੋਕਾਂ ਤੇ ਵਿਦਿਆਰਥੀਆਂ ਦੀ ਇਸ ਮੁੱਦੇ ਨੂੰ ਲੈ ਕੇ ਲਾਮਬੰਦੀ ਕਰਨ ਦਾ ਐਲਾਨ ਵੀ ਕੀਤਾ। ਇਸ ਮੋਕੇ ਅਮਰਜੀਤ ਸ਼ਾਸ਼ਤਰੀ, ਦਿਗਵਿਜੇਪਾਲ ਮੋਗਾ, ਧਰਮ ਸਿੰਘ ਸੂਜਾਪੁਰ, ਨਵਦੀਪ ਸਮਾਣਾ ਅਤੇ ਬਲਵੀਰ ਚੰਦ ਲੋਗੋਂਵਾਲ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੁਬਾਈ ਆਗੂ ਜਸਵਿੰਦਰ ਸਿੰਘ ਝੰਬੇਲਵਾਲੀ ਵੀ ਮੋਜੂਦ ਰਹੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…