Nabaz-e-punjab.com

ਸਿੱਖ ਅਜਾਇਬਘਰ ਲਈ ਪੱਕੀ ਥਾਂ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼, ਧਰਨਾ 23ਵੇਂ ਦਿਨ ’ਚ ਦਾਖ਼ਲ

ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ, ਗੁਰਦੁਆਰਾ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਸਿੱਖ ਅਜਾਇਬ ਘਰ ਲਈ ਮੁਹਾਲੀ ਵਿੱਚ ਮੌਜੂਦਾ ਜ਼ਮੀਨ ਨੂੰ ਪੱਕੇ ਤੌਰ ’ਤੇ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਰੋਜ਼ਾਨਾ ਹੀ ਇਲਾਕੇ ਦੇ ਲੋਕ ਆਪ ਮੁਹਾਰੇ ਧਰਨੇ ਵਿੱਚ ਪਹੁੰਚ ਰਹੇ ਹਨ। ਉਧਰ, ਇਸ ਸਬੰਧੀ ਬੁੱਤਸਾਜ ਪਰਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਸ਼ੁਰੂ ਕੀਤਾ ਲੜੀਵਾਰ ਰੋਸ ਧਰਨਾ ਮੰਗਲਵਾਰ ਨੂੰ 23ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਬੁੱਤਸਾਜ ਦੇ ਸੰਘਰਸ਼ ਨੂੰ ਅੱਜ ਉਸ ਸਮੇਂ ਭਰਵਾ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਗੁਰਦੁਆਰਾ ਤਾਲਮੇਲ ਕਮੇਟੀ ਐਸ.ਏ.ਐਸ. ਨਗਰ (ਮੁਹਾਲੀ) ਸਮੇਤ ਵੱਖ ਵੱਖ ਰਾਜਸੀ ਆਗੂਆਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਮੁਹਾਲੀ ਵਿੱਚ 80 ਤੋਂ 90 ਫੀਸਦੀ ਸਿੱਖਾਂ ਦੀ ਆਬਾਦੀ ਹੈ ਪ੍ਰੰਤੂ ਬੁੱਤਸਾਜ ਸਿੱਖ ਅਜਾਇਬਘਰ ਦੀ ਹੋਂਦ ਬਚਾਉਣ ਲਈ ਠੰਢ ਦੇ ਦਿਨਾਂ ਵਿੱਚ ਧਰਨੇ ’ਤੇ ਬੈਠਾ ਹੈ। ਉਨ੍ਹਾਂ ਗਮਾਡਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਆਖਿਆ ਕਿ ਸਿੱਖ ਅਜਾਇਬਘਰ ਲਈ ਪੱਕੀ ਥਾਂ ਅਲਾਟ ਕੀਤੀ ਜਾਵੇ। ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਅਤੇ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿੱਖਾਂ ਦੀ ਇਹ ਮੰਗ ਪੂਰੀ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਸਿੱਖ ਸੰਗਤ ਨੂੰ ਲਾਮਬੰਦ ਕੀਤਾ ਜਾਵੇਗਾ। ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਅਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਅਤੇ ਗਿਆਨ ਸਿੰਘ ਧੜਾਕ ਨੇ ਐਲਾਨ ਕੀਤਾ ਕਿ ਕਿਸਾਨ ਯੂਨੀਅਨ ਵੱਲੋਂ ਬੁੱਤਸਾਜ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਅਤੇ ਇਨਸਾਫ਼ ਪ੍ਰਾਪਤੀ ਲਈ ਸੜਕ ’ਤੇ ਚੱਕਾ ਜਾਮ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਪਾਲ ਸਿੰਘ ਬਰਾੜ, ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ, ਸੁਰਿੰਦਰ ਸਿੰਘ ਰੋਡਾ, ਆਰਪੀ ਸ਼ਰਮਾ, ਕਿਸਾਨ ਆਗੂ ਨਿਸ਼ਾਨ ਸਿੰਘ, ਚੇਤਨ ਸਿੰਘ ਖੂੰਨੀਮਾਜਰਾ, ਛੱਤਰ ਪਾਲ ਸਿੰਘ ਸਕੇਤੜੀ, ਸੀਤਲ ਸਿੰਘ, ਅਵਤਾਰ ਸਿੰਘ ਗੋਸਲ ਸਰਪੰਚ ਦਾਊਂ, ਨੰਬਰਦਾਰ ਗੁਰਜੀਤ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਬਾਬੂ ਚੰਡੀਗੜ੍ਹੀਆਂ, ਹਰਜਿੰਦਰ ਸਿੰਘ ਕਲੇਰ ਅਤੇ ਰਾਮ ਸਿੰਘ ਬਲੌਂਗੀ ਨੇ ਸੰਬੋਧਨ ਕੀਤਾ। ਅਖੀਰ ਵਿੱਚ ਬੁੱਤਸਾਜ ਪਰਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਜਦੋਂ ਤੱਕ ਸਿੱਖ ਅਜਾਇਬਘਰ ਲਈ ਪੱਕੀ ਥਾਂ ਅਲਾਟ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬਾਬਾ ਬਲਬੀਰ ਸਿੰਘ ਪੀਜੀਆਈ ਚੰਡੀਗੜ੍ਹ ਵਾਲਿਆਂ ਨੇ ਧਰਨੇ ਵਾਲੀ ਥਾਂ ’ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…