ਆਮ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨਾ ਬੋਰਡ ਮੁਲਾਜ਼ਮਾਂ ਦਾ ਨੈਤਿਕ ਫ਼ਰਜ਼: ਡਾ. ਯੋਗਰਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਬਰਾਂਚਾਂ ਦੇ ਮੁਖੀ ਅਤੇ ਦਫ਼ਤਰੀ ਸਟਾਫ਼ ਨੂੰ ਦੋ-ਟੂਕ ਗੱਲ ਆਖੀ ਹੈ ਕਿ ਬੋਰਡ ਦੀਆਂ ਕਾਰਵਾਈਆਂ ਸਬੰਧੀ ਸਹੀ ਅਤੇ ਸਟੀਕ ਜਾਣਕਾਰੀ ਆਮ ਲੋਕਾਂ ਤੱਕ ਪੁੱਜਦਾ ਕਰਨੀ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਮਿਆਰੀ ਸੇਵਾਵਾਂ, ਬਿਨਾਂ ਕਿਸੇ ਰੁਕਾਵਟ ਅਤੇ ਇਮਾਨਦਾਰੀ ਨਾਲ ਛੇਤੀ ਲੋਕਾਂ ਦੇ ਦਰਾਂ ਤੱਕ ਪੁੱਜਦਾ ਕਰਨੀਆਂ ਬੋਰਡ ਮੁਲਾਜ਼ਮਾਂ ਦਾ ਪਹਿਲਾ ਫ਼ਰਜ਼ ਹੈ। ਡਾ. ਯੋਗਰਾਜ ਨੇ ਅੱਜ ਬੋਰਡ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਮੁਖੀਆਂ ਨਾਲ ਮੀਟਿੰਗ ਵਿੱਚ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਈਆਂ ਸਿੱਖਿਆ ਨਾਲ ਸਬੰਧਤ ਅੌਕੜਾਂ ਅਤੇ ਉਨ੍ਹਾਂ ਦੇ ਨਿਪਟਾਰੇ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿੱਚ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੀ ਮੌਜੂਦ ਸਨ।
ਡਾ. ਯੋਗਰਾਜ ਨੇ ਕਿਹਾ ਕਿ ਸਿੱਖਿਆ ਬੋਰਡ ਦਾ ਮੁੱਢਲਾ ਕਾਰਜ ਅਕਾਦਮਿਕ ਹੈ। ਇਸ ਦਾ ਮਿਆਰ ਉੱਚਾ ਚੁੱਕਣਾ ਬੋਰਡ ਦੀ ਮੁੱਢਲੀ ਜ਼ਿੰਮੇਵਾਰੀ ਹੋਵੇਗੀ ਤਾਂ ਜੋ ਬੀਤੇ ਸਮੇਂ ਦੀ ਸ਼ਾਨ ਮੁੜ ਬਹਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਲਮ, ਸਭਿਆਚਾਰ ਤੇ ਕਲਾ ਆਦਿ ਖੇਤਰਾਂ ਵਿੱਚ ਪੰਜਾਬ ਦਾ ਬੋਲਬਾਲਾ ਵਿਸ਼ਵ ਭਰ ਵਿੱਚ ਰਿਹਾ ਹੈ ਪਰ ਸਮੇਂ ਦੀ ਤਬਦੀਲੀ ਨਾਲ ਆਈਆਂ ਖੜੋਤਾਂ ਦੂਰ ਕਰਕੇ ਹੀ ਸੁਨਹਿਰੀ ਕਾਲ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ।
ਬੋਰਡ ਮੁਖੀ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੇਤੇ ਕਰਵਾਇਆ ਕਿ ਸੇਵਾ ਭਾਵ ਪੰਜਾਬੀਆਂ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਇਹੀ ਸੇਵਾ ਭਾਵ ਲੋਕ ਸੇਵਾ ਵਿੱਚ ਸ਼ਾਮਲ ਕੀਤਾ ਜਾਣਾ ਕੰਮ ਦੀ ਸਭ ਤੋਂ ਅਹਿਮ ਕੜੀ ਵਜੋਂ ਮੰਨਿਆਂ ਜਾਣਾ ਚਾਹੀਦਾ ਹੈ। ਦਫ਼ਤਰੀ ਲੋੜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮੇਂ ਦਾ ਹਾਣੀ ਬਣਨਾ ਅਤਿ ਜ਼ਰੂਰੀ ਹੈ ਤੇ ਇਸਦੇ ਲਈ ਹਰ ਲੋੜ ਤੁਰੰਤ ਪੂਰੀ ਕਰਦਿਆਂ ਬੋਰਡ ਨੂੰ ਮੁੜ ਸਿਖ਼ਰਾਂ ਵੱਲ ਲਿਜਾਇਆ ਜਾਵੇਗਾ।
ਬੋਰਡ ਦੇ ਵਾਈਸ ਚੇਅਰਮੈਨ ਡਾ. ਭਾਟੀਆ ਨੇ ਮੁਲਾਜ਼ਮਾਂ ਨੂੰ ਟਰੇਨਿੰਗ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਨੁਸ਼ਾਸਨ ਤੋਂ ਬਿਨਾਂ ਦਫ਼ਤਰੀ ਕਾਰਜ ਕਦੇ ਵੀ ਕਾਮਯਾਬੀ ਨਾਲ ਮੁਕੰਮਲ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿੱਚ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ, ਉਪ ਸਕੱਤਰ ਗੁਰਤੇਜ ਸਿੰਘ, ਮਨਮੀਤ ਸਿੰਘ ਭੱਠਲ ਅਤੇ ਅਮਰਜੀਤ ਕੌਰ ਦਾਲਮ ਸਮੇਤ ਸਮੂਹ ਸ਼ਾਖਾਵਾਂ ਦੇ ਮੁਖੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …