ਪੀਆਰਐਸਆਈ ਵੱਲੋਂ ‘ਸੋਸ਼ਲ ਮੀਡੀਆ ਦਾ ਮੰਤਵ’ ਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

ਸ਼ੋਸ਼ਲ ਮੀਡੀਆ ਬਾਰੇ ਜਾਗਰੂਕਤਾ ਲਈ ਕਦਰਾਂ-ਕੀਮਤਾਂ ਦੀ ਸਿੱਖਿਆ ਸਮੇਂ ਦੀ ਲੋੜ-ਸੱਤਪਾਲ ਜੈਨ

ਨਵੀਂ ਪੀੜ੍ਹੀ ਨੂੰ ਸ਼ੋਸ਼ਲ ਮੀਡੀਆ ਦੇ ਮੁਥਾਜੀ ਬਣਨ ਤੋਂ ਰੋਕਣ ਦੀ ਲੋੜ-ਵਿਵੇਕ ਅਤਰੇ

ਬੇਰੋਕ-ਟੋਕ ਤੇ ਅਪ੍ਰਮਾਣਿਤ ਵਰਤੋਂ ਦਾ ਗੈਰ ਸਮਾਜੀ ਤੱਤ ਵੀ ਉਠਾ ਰਹੇ ਨੇ ਫਾਇਦਾ-ਗਰੇਵਾਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਫਰਵਰੀ:
ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀਆਰਐਸਆਈ) ਦੇ ਚੰਡੀਗੜ੍ਹ ਚੈਪਟਰ ਵੱਲੋਂ ‘ਸੋਸ਼ਲ ਮੀਡੀਆ ਦਾ ਮੰਤਵ ਤੇ ਚੁਣੌਤੀਆਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਵਿਚਾਰ-ਚਰਚਾ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਸੋਸ਼ਲ ਮੀਡੀਆ ਦੀ ਵਿਵਹਾਰਕ ਤੌਰ ’ਤੇ ਸਹੀ ਅਰਥਾਂ ਵਿਚ ਯੋਗ ਵਰਤੋਂ ਅਤੇ ਲੋੜ ਅਨੁਸਾਰ ਹੀ ਵਰਤੋਂ ਹੋਣੀ ਚਾਹੀਦੀ ਹੈ। ਸਮੂਹ ਵਕਤਾ ਅਤੇ ਸਰੋਤੇ ਇਸ ਗੱਲ ’ਤੇ ਇਕਮੱਤ ਸਨ ਕਿ ਨਵੇਂ ਯੁੱਗ ਦਾ ਇਹ ‘ਅਵਤਾਰ’ (ਸੋਸ਼ਲ ਮੀਡੀਆ) ਸਮਾਜ ਦੇ ਤਾਣੇ-ਬਾਣੇ, ਆਮ ਲੋਕ ਰਾਏ ਅਤੇ ਮਨੋਵੇਗ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ ਇਸ ਲਈ ਨਵੀਂ ਪੀੜ੍ਹੀ ਨੂੰ ਇਸ ਮੀਡੀਆ ਦੇ ਮੁਥਾਜੀ ਬਣਨ ਅਤੇ ਇਸ ਨੂੰ ਹੱਦੋਂ ਵੱਧ ਵਰਤਣ ਤੋਂ ਰੋਕਣ ਲਈ ਵਿਹਾਰਕ ਅਤੇ ਕਾਨੂੰਨੀ ਨੇਮ ਬਣਾਏ ਜਾਣੇ ਚਾਹੀਦੇ ਹਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਸੋਲਿਸਟਰ ਜਨਰਲ ਸੱਤਪਾਲ ਜੈਨ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨਾਲ ਬੱਚਿਆਂ ਦੇ ਜੀਵਨ ’ਤੇ ਹਰ ਤਰ੍ਹਾਂ ਦਾ ਮਾੜਾ ਪ੍ਰਭਾਅ ਪੈ ਰਿਹਾ ਹੈ। ਉਨ੍ਹਾਂ ਦੀ ਰਾਏ ਸੀ ਕਿ ਫਿਲਹਾਲ ਇਸ ਮੀਡੀਆ ਦੀ ਕੁਵਰਤੋਂ ਨੂੰ ਠੱਲਣ ਲਈ ਕਾਨੂੰਨ ਬਣਾਉਣੇ ਅੌਖੇ ਹਨ ਪਰ ਸਮਾਜ ਵਿਚ ਇਸ ਸਬੰਧੀ ਜਾਗਰੂਕਤਾ ਲਿਆਉਣ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਹਿਸਾਬ ਨਾਲ ਤਕਨੀਕ ਅਤੇ ਹਰ ਖੇਤਰ ਵਿਚ ਤਰੱਕੀ ਹੁੰਦੀ ਆ ਰਹੀ ਹੈ ਜੋ ਅੱਗੋਂ ਵੀ ਜਾਰੀ ਰਹੇਗੀ ਪਰ ਲੋੜ ਇਸ ਗੱਲ ਦੀ ਹੈ ਕਿ ਹਮੇਸ਼ਾਂ ਤਕਨਾਲੋਜੀ ਦੇ ਹਾਂ-ਪੱਖੀ ਪਹਿਲੂਆਂ ਨੂੰ ਹੀ ਅਪਣਾਇਆ ਜਾਣਾ ਚਾਹੀਦਾ ਹੈ।
ਸੈਮੀਨਾਰ ਦੇ ਵਿਸ਼ੇ ਸਬੰਧੀ ਮੁੱਖ ਵਕਤਾ ਵੱਲੋਂ ਬੋਲਦਿਆਂ ਸਾਬਕਾ ਆਈ.ਏ.ਐਸ ਅਧਿਕਾਰੀ ਵਿਵੇਕ ਅਤਰੇ ਨੇ ਕਿਹਾ ਕਿ ਇਸ ਸਮੇਂ ਸਮਾਰਟ ਫੋਨ ਅਤੇ ਸੂਚਨਾ ਤਕਨਾਲੋਜੀ ਦਾ ਹਰ ਮਨੁੱਖੀ ਜੀਵਨ ਉਪਰ ਪ੍ਰਭਾਵ ਪੈ ਰਿਹਾ ਹੈ। ਸੋਸ਼ਲ ਮੀਡੀਆ ’ਤੇ ਅਦਾਨ-ਪ੍ਰਦਾਨ ਹੁੰਦੀ ਮਣਾਂ-ਮੂੰਹੀਂ ਸੂਚਨਾ ਤੋਂ ਆਮ ਲੋਕ ਅਤੇ ਨੇਤਾਗਣ ਵੀ ਪ੍ਰਭਾਵਤ ਹੋ ਜਾਂਦੇ ਹਨ। ਉਨ੍ਹਾਂ ਚੌਕਸ ਕੀਤਾ ਕਿ ਸੋਸ਼ਲ ਮੀਡੀਆ ’ਤੇ ਆਮ ਜਨਤਾ ਖਾਸਕ ਕਰਕੇ ਨੌਜਵਾਨਾਂ ਦੀ ਲੋੜ ਤੋਂ ਵੱਧ ਨਿਰਭਰਤਾ ਨੂੰ ਘਟਾਇਆ ਜਾਵੇ ਤਾਂ ਜੋ ਲੋਕਾਂ ਦੇ ਆਪਸੀ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਜਿਆਦਾ ਮਿਠਾਸ ਅਤੇ ਆਪਸੀ ਵਰਤਾਲਾਪ ਜਾਰੀ ਰਹੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਦਾਨ-ਪ੍ਰਦਾਨ ਹੁੰਦੀ ਸੂਚਨਾ ਪ੍ਰਤੀ ਨਾ ਹੀ ਬਹੁਤਾ ਗੰਭੀਰ ਹੋਇਆ ਜਾਵੇ ਅਤੇ ਨਾ ਹੀ ਹਲਕੇ ਵਿਚ ਲਿਆ ਜਾਵੇ ਕਿਉਂਕਿ ਮਾੜੀ ਸੂਚਨਾ ਦਾ ਲੋਕਾਂ ਦੇ ਜੀਵਨ ’ਤੇ ਹਰ ਪੱਖੋਂ ਅਸਰ ਪੈਂਦਾ ਹੈ। ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦਿਵੇਸ ਮੌਦਗਿੱਲ ਨੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਕੁਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪੀ.ਆਰ.ਐਸ.ਆਈ. ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਚੰਡੀਗੜ੍ਹ ਚੈਪਟਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਇਸ ਸੰਸਥਾ ਵਲੋਂ ਸੋਸ਼ਲ ਮੀਡੀਆ ਬਾਰੇ ਅਜਿਹੇ ਸੈਮੀਨਾਰ ਕਰਵਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਬੇਰੋਕ-ਟੋਕ, ਅਪ੍ਰਮਾਣਿਤ ਅਤੇ ਬਿਨਾ ਸੋਚੇ ਸਮਝੇ ਅਦਾਨ-ਪ੍ਰਦਾਨ ਦੀ ਸਹੂਲਤ ਦਾ ਗੈਰ ਸਮਾਜੀ ਤੱਤ ਵੀ ਫਾਇਦਾ ਉਠਾ ਰਹੇ ਹਨ ਅਤੇ ਉਹ ਆਮ ਲੋਕਾਂ ਖਾਸ ਕਰਕੇ ਅੱਲੜ੍ਹ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਇਸ ਦੀ ਦੁਰਵਰਤੋਂ ਕਰਦੇ ਹਨ। ਪੀ.ਆਰ.ਐਸ.ਆਈ ਦੇ ਉਪ ਚੇਅਰਮੈਨ ਆਰ.ਕੇ ਕਪਿਲਾਸ਼ ਨੇ ਸਮੂਹ ਮਹਿਮਾਨਾਂ ਅਤੇ ਮੁੱਖ ਮਹਿਮਾਨਾਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਆਰ.ਐਸ.ਆਈ. ਦੇ ਚੰਡੀਗੜ ਚੈਪਟਰ ਦੇ ਸਮੂਹ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…