ਪੰਜਾਬ ਦੀਆਂ ਸੜਕਾਂ ’ਤੇ ਬੇਖੋਫ਼ ਦੌੜ ਰਹੀਆਂ ਨੇ ਪੀਆਰਟੀਸੀ ਦੀਆਂ ਖਸਤਾ ਹਾਲਤ ਬੱਸਾਂ
ਨਿਊਜ ਡੈਸਕ
ਐਸ.ਏ.ਐਸ. ਨਗਰ (ਮੁਹਾਲੀ), 1 ਦਸੰਬਰ
ਪੰਜਾਬ ਸਰਕਾਰ ਵੱਲੋਂ ਇਕ ਪਾਸੇ ਤਾਂ ਸੈਂਕੜੇ ਨਵੀਆਂ ਬੱਸਾਂ ਅਤੇ ਹੁਣ ਮਿੰਨੀ ਬੱਸਾਂ ਵੀ ਪੀਆਰਟੀਸੀ ਵਿੱਚ ਪਾ ਕੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਪਟਿਆਲਾ ਮੁਹਾਲੀ ਰੂਟ ਉਪਰ ਨਵੀਆਂ ਬੱਸਾਂ ਦੀ ਥਾਂ ਪੀਆਰਟੀਸੀ ਦੀਆਂ ਕੰਡਮ ਬੱਸਾਂ ਹੀ ਚਲਾਈਆਂ ਜਾ ਰਹੀਆਂ ਹਨ। ਇਹ ਖਸਤਾ ਹਾਲਤ ਬੱਸਾਂ ਅਕਸਰ ਹੀ ਆਪਣੀ ਮੰਜ਼ਲ ਦੇ ਅਧਵਾਟੇ ਜਿਹੇ ਹੀ ਖੜ ਜਾਂਦੀਆਂ ਹਨ। ਪੀ ਆਰ ਟੀ ਸੀ ਦੀਆਂ ਇਹਨਾਂ ਬੱਸਾਂ ਦੀਆਂ ਕਦੇ ਲਾਈਟਾਂ ਖਰਾਬ ਹੋ ਜਾਂਦੀਆਂ ਹਨ ਅਤੇ ਬੱਸ ਰਾਜਪੁਰੇ ਦੇ ਰਾਹ ਵਿੱਚ ਹੀ ਰੋਕ ਦਿਤੀ ਜਾਂਦੀ ਹੈ ਅਤੇ ਕਦੇ ਕਿਸੇ ਬੱਸ ਦਾ ਮੋਬਲ ਆਇਲ ਲੀਕ ਕਰ ਜਾਂਦਾ ਹੈ ਕਦੇ ਬੱਸ ਪੈਂਚਰ ਹੋ ਜਾਂਦੀ ਹੈ ਅਤੇ ਕਦੇ ਪੀ ਆਰ ਟੀ ਸੀ ਦੀ ਬੱਸ ਦੇ ਇੰਜਣ ਵਿੱਚ ਹੋਰ ਖਰਾਬੀ ਆ ਜਾਂਦੀ ਹੈ। ਇਸ ਕਾਰਨ ਇਨਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣ ਪੈ ਰਿਹਾ ਹੈ। ਅੱਜ ਸਵੇਰੇ ਵੀ ਪਟਿਆਲਾ ਤੋਂ ਮੁਹਾਲੀ ਆ ਰਹੀ ਪੀ ਆਰ ਟੀ ਸੀ ਦੀ ਕੰਡਮ ਰੂਪ ਬੱਸ ਦੇ ਰਸਤੇ ਵਿੱਚ ਹੀ ਰੇਡੀਏਟਰ ਵਿੱਚ ਪਾਈਪ ਲੀਕ ਹੋਣ ਕਾਰਨ ਸਾਰਾ ਪਾਣੀ ਹੀ ਬਾਹਰ ਨਿਕਲ ਗਿਆ ਅਤੇ ਬੱਸ ਨੂੰ ਦੋ ਥਾਵਾਂ ਉਪਰ ਰੋਕ ਕੇ ਬਾਲਟੀ ਤੇ ਜੱਗ ਰਾਹੀਂ ਪਾਣੀ ਪਾ ਕੇ ਬੱਸ ਨੂੰ ਧੱਕੇ ਜਿਹੇ ਨਾਲ ਹੀ ਮੁਹਾਲੀ ਲਿਆਂਦਾ ਗਿਆ। ਇਸ ਤੋਂ ਇਲਾਵਾ ਇਸ ਬੱਸ ਦਾ ਡਰਾਈਵਰ ਸਾਈਡ ਦਾ ਅਗਲਾ ਟਾਇਰ ਵੀ ਪੈਂਚਰ ਹੋ ਗਿਆ, ਜਿਸ ਕਾਰਨ ਲੋਕਾਂ ਨੁੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹਨਾਂ ਕੰਡਮ ਬੱਸਾਂ ਦੇ ਡਰਾਈਵਰ ਕੰਡਕਟਰ ਵੀ ਇਹਨਾਂ ਬੱਸਾਂ ਦੀ ਮਾੜੀ ਹਾਲਤ ਤੋਂ ਬਹੁਤ ਪ੍ਰੇਸ਼ਾਨ ਹਨ ਪਰ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਅਜਿਹੀਆਂ ਕੰਡਮ ਬੱਸਾਂ ਚਲਾ ਕੇ ਸੈਂਕੜੇ ਲੋਕਾਂ ਦੀਆਂ ਜਿੰਦਗੀਆਂ ਖਤਰੇ ਵਿੱਚ ਪਾ ਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ।
ਪਟਿਆਲਾ ਮੁਹਾਲੀ ਰੂਟ ਉਪਰ ਚਲਦੀਆਂ ਪੀਆਰਟੀਸੀ ਦੀਆਂ ਬੱਸਾਂ ਦੀ ਹਾਲਤ ਏਨੀ ਖਰਾਬ ਹੈ ਕਿ ਜਦੋਂ ਇਹ ਬੱਸਾਂ ਸਟਾਰਟ ਹੁੰਦੀਆਂ ਹਨ ਤਾਂ ਇਹਨਾਂ ਦੇ ਇੰਜਣਾਂ ਵਿੱਚ ਏਨੀਆਂ ਖਤਰਨਾਕ ਆਵਾਜਾਂ ਨਿਕਲਦੀਆਂ ਹਨ ਕਿ ਬੱਸਾਂ ਵਿੱਚ ਮਾਵਾਂ ਦੀ ਗੋਦੀ ਵਿੱਚ ਬੈਠੇ ਬੱਚੇ ਡਰ ਨਾਲ ਉਚੀ ਉਚੀ ਰੋਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬੱਸਾਂ ਧੂੰਆਂ ਵੀ ਬਹੁਤ ਮਾਰਦੀਆਂ ਹਨ। ਇਹ ਬੱਸਾਂ ਸੜਕ ਉਪਰ ਚਲਦਾ ਫਿਰਦਾ ਮੌਤ ਦਾ ਤਾਬੂਤ ਬਣ ਗਈਆਂ ਹਨ। ਇਹਨਾਂ ਬੱਸਾਂ ਦੀ ਹਾਲਤ ਏਨੀ ਮਾੜੀ ਹੈ ਕਿ ਹਰ ਪਾਸੇ ਤੋਂ ਹੀ ਇਹ ਬੱਸਾਂ ਟੁੱਟੀਆਂ ਭੱਜੀਆਂ ਹੋਈਆਂ ਹਨ ਅਤੇ ਇਹਨਾਂ ਦੀਆਂ ਸੀਟਾਂ ਵੀ ਟੁੱਟੀਆਂ ਹੋਈਆਂ ਹਨ। ਹੋਰ ਤਾਂ ਹੋਰ ਇਸ ਰੂਟ ਉਪਰ ਚਲਦੀਆਂ ਕਈ ਬੱਸਾਂ ਦੇ ਤਾਂ ਖਿੜਕੀਆਂ ਦੇ ਸ਼ੀਸ਼ੇ ਹੀ ਟੁੱਟੇ ਪਏ ਹਨ। ਜਿਸ ਕਰਕੇ ਸਰਦੀ ਦੇ ਇਹਨਾਂ ਦਿਨਾਂ ਵਿੱਚ ਠੰਡੀ ਹਵਾ ਪੂਰੀ ਸਪੀਡ ਨਾਲ ਬੱਸ ਅੰਦਰ ਆਂਉਂਦੀ ਹੈ ਅਤੇ ਮਿੱਟੀ ਘੱਟਾ ਵੀ ਪੂਰੀ ਤਰਾਂ ਅੰਦਰ ਆ ਕੇ ਸਵਾਰੀਆਂ ਦੇ ਕਪੜੇ ਤੇ ਮੂੰਹ ਸਿਰ ਲਬੇੜ ਦਿੰਦਾ ਹੈ। ਜਿਸ ਕਾਰਨ ਬੱਸਾਂ ਵਿੱਚ ਬੈਠੇ ਲੋਕ ਲਿਬੜ ਜਿਹੇ ਜਾਂਦੇ ਹਨ।
ਇਹ ਇਹ ਹਕੀਕਤ ਹੈ ਕਿ ਇਸ ਰੂਟ ਉਪਰ ਸਵਾਰੀ ਵੀ ਬਹੁਤ ਪੈਂਦੀ ਹੈ ਅਤੇ ਪੀਆਰਟੀਸੀ ਦੀਆਂ ਇਹ ਬੱਸਾਂ ਉਵਰ ਲੋਡ ਹੀ ਚਲਦੀਆਂ ਹਨ। ਜਿੰਨੀਆਂ ਸਵਾਰੀਆਂ ਬੱਸਾਂ ਦੀਆਂ ਸੀਟਾਂ ਉੱਪਰ ਬੈਠੀਆਂ ਹੁੰਦੀਆਂ ਹਨ,ਉਨੀਆਂ ਹੀ ਖੜੀਆਂ ਹੁੰਦੀਆਂ ਹਨ। ਇਸਦੇ ਬਾਵਜੂਦ ਪੀ ਆਰ ਟੀ ਸੀ ਦੇ ਘਾਟੇ ਵਿੱਚ ਜਾਣਾ ਕਈ ਤਰਾਂ ਦੇ ਸਵਾਲ ਖੜੇ ਕਰ ਜਾਂਦਾ ਹੈ। ਇਸ ਰੂਟ ਉੱਤੇ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਟਿਆਲਾ ਮੁਹਾਲੀ ਰੂਟ ਉਪਰ ਪੀ ਆਰ ਟੀ ਸੀ ਦੀਆਂ ਨਵੀਆਂ ਬੱਸਾਂ ਚਲਾਈਆਂ ਜਾਣ ਜਾਂ ਫਿਰ ਇਸ ਰੂਟ ਉਪਰ ਪ੍ਰਾਈਵੇਟ ਬੱਸਾਂ ਨੂੰ ਪਰਮਿਟ ਦਿਤੇ ਜਾਣ।