
ਬਾਰ ਐਸੋਸੀਏਸ਼ਨ ਦੀ ਚੋਣ: ਵਕੀਲ ਪੀਐਸ ਤੂਰ ਪ੍ਰਧਾਨ ਤੇ ਹਰਜਿੰਦਰ ਕੌਰ ਬੱਲ ਮੀਤ ਪ੍ਰਧਾਨ ਬਣੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ (ਮੁਹਾਲੀ) ਦੀਆਂ ਅੱਜ ਹੋਈਆਂ ਸਾਲਾਨਾ ਚੋਣਾਂ ਵਿੱਚ ਸੀਨੀਅਰ ਐਡਵੋਕੇਟ ਪਰਮਿੰਦਰ ਸਿੰਘ ਤੂਰ ਪ੍ਰਧਾਨ ਦੀ ਚੋਣ ਜਿੱਤ ਗਏ। ਇਸ ਤੋਂ ਪਹਿਲਾਂ ਵੀ ਉਹ ਤਿੰਨ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਚੋਣ ਕਮਿਸ਼ਨਰ ਸੰਜੀਵ ਸ਼ਰਮਾ, ਰੁਪਿੰਦਰਪਾਲ ਕੌਰ ਅਤੇ ਜਤਿੰਦਰਪਾਲ ਜੌਲੀ ਨੇ ਦੇਰ ਸ਼ਾਮ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪਹੁੰਚੇ ਆਬਜ਼ਰਵਰ ਹਰਦੇਵ ਸਿੰਘ ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਦਾ ਅਮਲ ਨੇਪਰੇ ਚੜਿਆ। ਅੱਜ ਸਵੇਰੇ 9 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਸ਼ਾਮ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ।
ਚੋਣ ਕਮਿਸ਼ਨਰ ਸੰਜੀਵ ਸ਼ਰਮਾ ਨੇ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਪਰਮਿੰਦਰ ਸਿੰਘ ਤੂਰ ਨੂੰ 151 ਵੋਟਾਂ ਪਈਆਂ ਜਦੋਂਕਿ ਉਸ ਦੇ ਵਿਰੋਧੀ ਉਮੀਦਵਾਰ ਰਾਜੇਸ਼ ਗੁਪਤਾ ਨੂੰ 144 ਅਤੇ ਸਨੇਹਪ੍ਰੀਤ ਨੂੰ 141 ਵੋਟਾਂ ਪਈਆਂ। ਇਸ ਤਰ੍ਹਾਂ ਐਡਵੋਕੇਟ ਤੂਰ ਪ੍ਰਧਾਨ ਦੀ ਚੋਣ ਜਿੱਤ ਗਏ। ਮੀਤ ਪ੍ਰਧਾਨ ਦੀ ਚੋਣ ਮਹਿਲਾ ਐਡਵੋਕੇਟ ਹਰਜਿੰਦਰ ਕੌਰ ਬੱਲ ਨੇ ਜਿੱਤੀ। ਸ੍ਰੀਮਤੀ ਬੱਲ ਨੂੰ 159 ਵੋਟਾਂ ਪਈਆਂ ਜਦੋਂਕਿ ਉਸ ਦੇ ਵਿਰੋਧੀ ਉਮੀਦਵਾਰਾਂ ਸੁਖਚੈਨ ਸਿੰਘ ਸੋਢੀ ਨੂੰ 144 ਅਤੇ ਦਲਜੀਤ ਸਿੰਘ ਪੂਨੀਆ ਨੂੰ 133 ਵੋਟਾਂ ਪਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਹਰਜਿੰਦਰ ਸਿੰਘ ਢਿੱਲੋਂ ਨੂੰ 153 ਵੋਟਾਂ ਪਈਆਂ ਅਤੇ ਉਸ ਦੇ ਵਿਰੋਧੀ ਉਮੀਦਵਾਰਾਂ ਐਚਐਸ ਬੈਦਵਾਨ ਨੂੰ 151 ਅਤੇ ਜਰਨੈਲ ਸਿੰਘ ਨੂੰ 133 ਵੋਟਾਂ ਮਿਲੀਆਂ।

ਇੰਜ ਹੀ ਸੰਯੁਕਤ ਸਕੱਤਰ ਲਈ ਤੇਜਿੰਦਰ ਕੌਰ ਨੂੰ 289 ਅਤੇ ਵਿਰੋਧੀ ਉਮੀਦਵਾਰ ਅਨੂ ਕੌਸ਼ਲ ਨੂੰ 147 ਵੋਟਾਂ ਪਈਆਂ। ਲਾਇਬਰੇਰੀਅਨ ਦੇ ਅਹੁਦੇ ਲਈ ਸੁਖਪ੍ਰੀਤ ਕੌਰ ਕੰਗ ਨੂੰ 218 ਅਤੇ ਵਿਰੋਧੀ ਉਮੀਦਵਾਰ ਕ੍ਰਿਸ਼ਨ ਮਹਿਤਾ ਨੂੰ 217 ਵੋਟਾਂ ਪਈਆਂ। ਜਦੋਂਕਿ ਐਡਵੋਕੇਟ ਅਮਨਦੀਪ ਕੌਰ ਸੋਹੀ ਨੂੰ ਸਰਬਸੰਮਤੀ ਨਾਲ ਕੈਸ਼ੀਅਰ ਚੁਣਿਆ ਗਿਆ।