
ਸਿੱਖਿਆ ਬੋਰਡ ਵੱਲੋਂ ਵਾਧੂ ਵਿਸ਼ਾ ਤੇ ਕਾਰਗੁਜ਼ਾਰੀ ਸੁਧਾਰ ਕੈਟਾਗਰੀ ਦੀ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2022 ਵਿੱਚ ਕਰਵਾਈਆਂ ਜਾਣ ਵਾਲੀਆਂ ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਸੁਧਾਰ ਕੈਟਾਗਰੀਆਂ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਅਤੇ ਫੀਸਾਂ ਭਰਨ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ ਦੀ ਵਾਧੂ ਵਿਸ਼ਾ ਕੈਟਾਗਰੀ ਲਈ ਪ੍ਰਤੀ ਪ੍ਰੀਖਿਆਰਥੀ ਉੱਕਾ-ਪੁੱਕਾ 1050 ਰੁਪਏ ਅਤੇ ਕਾਰਗੁਜ਼ਾਰੀ ਸੁਧਾਰ ਕੈਟਾਗਰੀ ਲਈ ਪ੍ਰਤੀ ਪ੍ਰੀਖਿਆਰਥੀ ਉੱਕਾ-ਪੁੱਕਾ 1700 ਰੁਪਏ ਪ੍ਰੀਖਿਆ ਫੀਸ ਨਿਰਧਾਰਿਤ ਕੀਤੀ ਗਈ ਹੈ।
ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਦੀ ਵਾਧੂ ਵਿਸ਼ਾ ਕੈਟਾਗਰੀ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 1350 ਰੁਪਏ ਅਤੇ ਕਾਰਗੁਜ਼ਾਰੀ ਸੁਧਾਰ ਲਈ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਜਿਹੜੇ ਪ੍ਰੀਖਿਆਰਥੀ ਇਨ੍ਹਾਂ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਦੇ ਚਾਹਵਾਨ ਹਨ, ਉਹ 10 ਜਨਵਰੀ 2022 ਤੱਕ ਬਿਨਾਂ ਕਿਸੇ ਲੇਟ ਫੀਸ ਦੇ ਪ੍ਰੀਖਿਆ ਫਾਰਮ ਭਰ ਕੇ ਆਨਲਾਈਨ ਪ੍ਰੀਖਿਆ ਫੀਸ ਜਮ੍ਹਾਂ ਕਰਵਾ ਸਕਦੇ ਹਨ। ਇਨ੍ਹਾਂ ਪ੍ਰੀਖਿਆਰਥੀਆਂ ਲਈ 17 ਜਨਵਰੀ 2022 ਤੱਕ ਪ੍ਰੀਖਿਆ ਫਾਰਮ ਆਪਣੇ ਜ਼ਿਲ੍ਹੇ ਵਿੱਚ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ।
ਪ੍ਰਤੀ ਪ੍ਰੀਖਿਆਰਥੀ 500 ਰੁਪਏ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਆਨਲਾਈਨ ਪ੍ਰੀਖਿਆ ਫੀਸ ਭਰਨ ਲਈ ਆਖ਼ਰੀ ਮਿਤੀ 20 ਜਨਵਰੀ 2022 ਨਿਸ਼ਚਿਤ ਕੀਤੀ ਗਈ ਹੈ। ਇਹ ਪ੍ਰੀਖਿਆ ਫਾਰਮ ਵੀ 27 ਜਨਵਰੀ 2022 ਤੱਕ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ। ਇਸ ਉਪਰੰਤ ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫੀਸ ਨਾਲ 30 ਜਨਵਰੀ 2022 ਤੱਕ ਪ੍ਰੀਖਿਆ ਫਾਰਮ ਅਤੇ ਆਨਲਾਈਨ ਪ੍ਰੀਖਿਆ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ। ਇਹ ਪ੍ਰੀਖਿਆ ਫਾਰਮ 7 ਫਰਵਰੀ 2022 ਤੱਕ ਕੇਵਲ ਮੁੱਖ ਦਫ਼ਤਰ ਵਿੱਚ ਹੀ ਜਮ੍ਹਾਂ ਕਰਵਾਏ ਜਾ ਸਕਣਗੇ। ਜਦੋਂਕਿ 2000 ਰੁਪਏ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਭਰਕੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਲਈ ਅੰਤਿਮ ਮਿਤੀ 8 ਫ਼ਰਵਰੀ 2022 ਨਿਰਧਾਰਿਤ ਕੀਤੀ ਗਈ ਹੈ ਅਤੇ 15 ਫਰਵਰੀ ਤੱਕ ਪ੍ਰੀਖਿਆਰਥੀ ਪ੍ਰੀਖਿਆ ਫਾਰਮ ਕੇਵਲ ਮੁੱਖ ਦਫ਼ਤਰ ਵਿੱਚ ਹੀ ਜਮ੍ਹਾਂ ਕਰਵਾ ਸਕਣਗੇ।
ਕੰਟਰੋਲਰ (ਪ੍ਰੀਖਿਆਵਾਂ) ਅਨੁਸਾਰ ਪ੍ਰੀਖਿਆ ਫੀਸਾਂ ਕੇਵਲ ਆਨਲਾਈਨ ਡੈਬਿਟ, ਕ੍ਰੈਡਿਟ ਅਤੇ ਨੈੱਟ ਬੈਂਕਿੰਗ ਗੇਟਵੇਅ ਰਾਹੀਂ ਜਮ੍ਹਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਲਈ ਰੋਲ ਨੰਬਰ ਕੇਵਲ ਸਿੱਖਿਆ ਬੋਰਡ ਦੀ ਵੈੱਬਸਾਈਟ ਰਾਹੀਂ ਹੀ ਉਪਲਬਧ ਕਰਵਾਏ ਜਾਣਗੇ। ਜੇਕਰ ਪ੍ਰੀਖਿਆਰਥੀ ਨਤੀਜਾ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਸਬੰਧੀ ਆਪਣੇ ਪ੍ਰੀਖਿਆ ਫਾਰਮ ਵਿੱਚ ਆਪਸ਼ਨ ਦੇਣਗੇ। ਇਸ ਮੰਤਵ ਲਈ ਪ੍ਰੀਖਿਆ ਫੀਸ ਨਾਲ 100 ਰੁਪਏ ਵੱਖਰੀ ਫੀਸ ਭਰਨੀ ਹੋਵੇਗੀ। ਪ੍ਰਾਸਪੈਕਟ, ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ।