ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਨੀਤੀ ਨੂੰ ਤਰਕਸੰਗਤ ਬਣਾਉਣ ਤੇ ਪ੍ਰੀਖਿਆ ਮੁਲਾਂਕਣ ਨੀਤੀ ਬਾਰੇ ਹਦਾਇਤਾਂ ਜਾਰੀ

ਬੋਰਡ ਮੈਨੇਜਮੈਂਟ ਨੇ ਪ੍ਰੀਖਿਆ ਮੁਲਾਂਕਣ ਦੀ ਨਵੀਂ ਨੀਤੀ ਮੁਤਾਬਕ ਅਕਾਦਮਿਕ ਸੈਸ਼ਨ ਨੂੰ ਦੋ ਟਰਮਾਂ ’ਚ ਵੰਡਿਆ

ਪਹਿਲੀ ਟਰਮ ’ਚ ਸਿਰਫ਼ ਗਰੇਡਿੰਗ ਵਾਲੇ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ, ਪ੍ਰਯੋਗੀ ਪ੍ਰੀਖਿਆ ਨਹੀਂ ਲਈ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪ੍ਰੀਖਿਆਰਥੀਆਂ ਲਈ ਪ੍ਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਉਣ ਅਤੇ ਪ੍ਰੀਖਿਆ ਮੁਲਾਂਕਣ ਨੀਤੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2020-21 ਦੌਰਾਨ ਪੰਜਾਬ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਾਰਨ ਬਣੇ ਹਾਲਾਤਾਂ ਨੂੰ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਐਨ ਮੌਕੇ ਸਾਲਾਨਾ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ।
ਅੱਜ ਇੱਥੇ ਸਕੂਲ ਬੋਰਡ ਦੇ ਮੁਖੀ ਪ੍ਰੋ. ਯੋਗਰਾਜ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਅਗਵਾਈ ਲੀਹਾਂ ਅਨੁਸਾਰ ਸਕੂਲ ਬੋਰਡ ਵੱਲੋਂ ਪ੍ਰੀਖਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਪ੍ਰੀ-ਬੋਰਡ, ਇੰਟਰਨਲ ਅਸੈਸਮੈਂਟ ਅਤੇ ਹੋਰ ਪੈਰਾਮੀਟਰਜ਼ ਦੇ ਅਧਾਰ ’ਤੇ ਐਲਾਨਿਆ ਗਿਆ ਸੀ। ਮੌਜੂਦਾ ਸਮੇਂ ਵੀ ਕੋਵਿਡ-19 ਦੀ ਤੀਜੀ ਲਹਿਰ ਦੀ ਆਮਦ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੂਬੇ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਵਿਦਿਆਰਥੀ ਕੇਂਦਰਿਤ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਮੁਲਾਂਕਣ ਸਬੰਧੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ।
ਪ੍ਰੋ. ਯੋਗਰਾਜ ਨੇ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਪ੍ਰੀਖਿਆ ਮੁਲਾਂਕਣ ਦੀ ਨਵੀਂ ਨੀਤੀ ਮੁਤਾਬਕ ਅਕਾਦਮਿਕ ਸੈਸ਼ਨ ਨੂੰ ਦੋ ਟਰਮਜ਼ ਵਿੱਚ ਵੰਡਿਆ ਗਿਆ ਹੈ। ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਦੇ ਅਧਾਰ ’ਤੇ ਪਹਿਲੀ ਟਰਮ ਦੀ ਪ੍ਰੀਖਿਆ ਨਵੰਬਰ ਤੇ ਦਸੰਬਰ ਅਤੇ ਦੂਜੀ ਟਰਮ ਦੀ ਪ੍ਰੀਖਿਆ ਫਰਵਰੀ ਤੇ ਮਾਰਚ ਵਿੱਚ ਕਰਵਾਈ ਜਾਵੇਗੀ। ਪਹਿਲੀ ਟਰਮ ਵਿੱਚ ਸਿਰਫ਼ ਗਰੇਡਿੰਗ ਵਾਲੇ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ ਜਦੋਂਕਿ ਪ੍ਰਯੋਗੀ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ। ਪਹਿਲੀ ਟਰਮ ਦੀ ਲਿਖਤੀ ਪ੍ਰੀਖਿਆ ਬਹੁਵਿਕਲਪੀ (ਮਲਟੀਪਲ ਚੁਆਇਸ) ਪ੍ਰਸ਼ਨਾਂ ’ਤੇ ਆਧਾਰਿਤ ਹੋਵੇਗੀ ਅਤੇ ਦੂਜੀ ਟਰਮ ਦੀ ਲਿਖਤੀ ਪ੍ਰੀਖਿਆ ਛੋਟੇ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ’ਤੇ ਆਧਾਰਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਟਰਮਾਂ ਦੀ ਪ੍ਰੀਖਿਆ ਲਈ ਪ੍ਰਸ਼ਨ-ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ। ਜਿਨ੍ਹਾਂ ਨੂੰ ਓਐੱਮਆਰ ਸ਼ੀਟਾਂ ਤੇ ਹੱਲ ਕਰਨਾ ਹੋਵੇਗਾ। ਸਿੱਖਿਆ ਬੋਰਡ ਵੱਲੋਂ ਪਹਿਲੀ ਅਤੇ ਦੂਜੀ ਟਰਮ ਦੀ ਪ੍ਰੀਖਿਆ ਨੂੰ ਵੇਟੇਜ ਦਿੰਦੇ ਹੋਏ ਪ੍ਰੀਖਿਆਰਥੀਆਂ ਦਾ ਫਾਈਨਲ ਨਤੀਜਾ ਐਲਾਨਿਆ ਜਾਵੇਗਾ।
ਬੋਰਡ ਮੁਖੀ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਦੇ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੀ ਪਹਿਲੀ ਟਰਮ ਦੀ ਪ੍ਰੀਖਿਆ ਸੰਸਥਾ ਪੱਧਰ ’ਤੇ ਹੀ ਲਈ ਜਾਵੇਗੀ। ਇਨ੍ਹਾਂ ਪ੍ਰੀਖਿਆਰਥੀਆਂ ਲਈ ਪ੍ਰਸ਼ਨ-ਪੱਤਰ ਦੀ ਬਣਤਰ ਤਾਂ ਰੈਗੂਲਰ ਪ੍ਰੀਖਿਆਰਥੀਆਂ ਲਈ ਨਿਰਧਾਰਿਤ ਪ੍ਰਸ਼ਨ-ਪੱਤਰ ਵਾਂਗ ਹੀ ਹੋਵੇਗੀ ਪ੍ਰੰਤੂ ਪ੍ਰਸ਼ਨ ਸਿਰਫ਼ ਬੋਰਡ ਦੀ ਵੈੱਬਸਾਈਟ ’ਤੇ ਉਪਲਬਧ ਕਰਵਾਏ ਪ੍ਰਸ਼ਨ ਬੈਂਕ ’ਚੋਂ ਹੀ ਚੁਣੇ ਜਾਣਗੇ। ਹਰ ਟਰਮ ਦੀ ਪ੍ਰੀਖਿਆ ਸਮੇਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰੀਖਿਆ ਦੀ ਵਿਧੀ ਸਬੰਧੀ ਬੋਰਡ ਵੱਲੋਂ ਲਿਆ ਗਿਆ ਨਿਰਣਾ ਅੰਤਿਮ ਹੋਵੇਗਾ। ਟਰਮ ਵਾਈਜ਼ ਪਾਠਕ੍ਰਮ ਦੀ ਵੰਡ, ਪ੍ਰਸ਼ਨ ਪੱਤਰ ਦੀ ਰੂਪਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ ਅਤੇ ਪ੍ਰੀਖਿਆ ਸਬੰਧੀ ਹਦਾਇਤਾਂ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਛੇਤੀ ਹੀ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ। ਓਪਨ ਸਕੂਲ ਪ੍ਰਣਾਲੀ ਅਧੀਨ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਹਦਾਇਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …