
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਤੇ ਦਸਵੀਂ ਜਮਾਤ ਦਾ ਆਨਲਾਈਨ ਨਤੀਜਾ ਅੈਲਾਨਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਸੋਮਵਾਰ ਨੂੰ ਆਨਲਾਈਨ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਅੈਲਾਨਿਆ ਗਿਆ।
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿੱਖਿਆ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅੱਠਵੀਂ ਅਤੇ ਦਸਵੀਂ ਜਮਾਤ ਦਾ ਆਨਲਾਈਨ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋਵੇਂ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ। ਪਿਛਲੇ ਸਾਲ ਵਾਂਗ ਅੈਤਕੀਂ ਵੀ ਬਿਨਾਂ ਮੈਰਿਟ ਤੋਂ ਨਤੀਜਾ ਅੈਲਾਨਿਆ ਗਿਆ। ਕਿਉਂਕਿ ਇਸ ਸਾਲ ਵੀ ਕਰੋਨਾ ਮਹਾਮਾਰੀ ਦੇ ਕਾਰਨ ਸਾਲਾਨਾ ਪ੍ਰੀਖਿਆਵਾਂ ਨਹੀਂ ਲਈਆ ਗਈਆਂ ਹਨ। ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਆਧਾਰ ਬਣਾ ਕੇ ਨਤੀਜਾ ਤਿਆਰ ਕੀਤਾ ਗਿਆ ਹੈ।
ਚੇਅਰਮੈਨ ਨੇ ਦੱਸਿਆ ਕਿ ਅੱਠਵੀ ਜਮਾਤ ਵਿੱਚ 307272 ਬੱਚੇ ਅਪੀਅਰ ਹੋਏ ਸੀ। ਜਿਨਾ ਚੋਂ 306894 ਪਾਸ ਹੋਏ ਹਨ। ਜਿਹਨਾਂ ਦੀ ਪਾਸ ਪ੍ਰਤੀਸ਼ਤਤਾ 99.88 ਫੀਸਦੀ ਹੈ, ਜਦੋਂਕਿ ਦਸਵੀਂ ਦੀ ਪ੍ਰੀਖਿਆ ਵਿੱਚ 321384 ਵਿਦਿਆਰਥੀ ਅਪੀਅਰ ਹੋਏ ਸੀ। ਜਿਹਨਾਂ ਚੋਂ 321163 ਪਾਸ ਹੋਏ ਹਨ। ਇਹਨਾਂ ਦੀ ਪਾਸ ਪ੍ਰਤੀਸ਼ਤਤਾ 99.93 ਫੀਸਦੀ ਬਣਦੀ ਹੈ।