
ਪੀਐਸਟੀਐਸਈ (ਦਸਵੀਂ) ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ
ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪਰਿਸ਼ਦ ਵੱਲੋਂ ਸੈਸ਼ਨ 2024-25 ਲਈ ਐੱਸਸੀਈਆਰਟੀ ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਅਤੇ ਸਹਾਇਕ ਡਾਇਰੈਕਟਰ ਸੀਮਾ ਖੇੜਾ ਦੀ ਅਗਵਾਈ ਹੇਠ ਬੀਤੀ ਦੋ ਫਰਵਰੀ ਨੂੰ ਲਈ ਗਈ ਪੰਜਾਬ ਰਾਜ ਪ੍ਰਤਿਭਾ ਖੋਜ ਸਕਾਲਰਸ਼ਿਪ (ਦਸਵੀਂ) ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਟੇਟ ਨੋਡਲ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਪ੍ਰੀਖਿਆ ਵਿੱਚ ਪੂਰੇ ਪੰਜਾਬ ’ਚੋਂ ਸਰਕਾਰੀ ਹਾਈ ਸਕੂਲ, ਬੂਲੇਪੁਰ (ਲੁਧਿਆਣਾ) ਦੇ ਹਰਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ (ਫਿਰੋਜ਼ਪੁਰ) ਦੀ ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਐੱਸਸੀਈਆਰਟੀ ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਨੇ ਪ੍ਰੀਖਿਆ ਵਿੱਚ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਟੇਟ ਨੋਡਲ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਇਸ ਪ੍ਰੀਖਿਆ ਲਈ ਤਹਿਸੀਲ ਪੱਧਰ ’ਤੇ 146 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਜਿਸ ਵਿੱਚ 41190 ਪ੍ਰੀਖਿਆਰਥੀਆਂ ਨੇ ਰਜਿਸਟੇ੍ਰਸ਼ਨ ਕਰਵਾਈ ਸੀ। ਜਿਸ ’ਚੋਂ 35854 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ। ਉਨ੍ਹਾਂ ਦੱਸਿਆ ਕਿ 27333 ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਸਫਲ ਹੋਏ ਹਨ। ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਅਤੇ ਇਸ ਸਕੀਮ ਤਹਿਤ ਕੁੱਲ 500 ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਤੱਕ ਸਕਾਲਰਸ਼ਿਪ ਦਿੱਤੀ ਜਾਣੀ ਹੈ।