Share on Facebook Share on Twitter Share on Google+ Share on Pinterest Share on Linkedin ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੀਟੀਯੂ ਦਾ ਸਾਬਕਾ ਉਪ ਕੁਲਪਤੀ ਰਜਨੀਸ਼ ਅਰੋੜਾ ਗ੍ਰਿਫ਼ਤਾਰ ਤਫ਼ਤੀਸ਼ ਦੌਰਾਨ ਮਿਲੀਆਂ ਯੂਨੀਵਰਸਿਟੀ ’ਚ ਵੱਡੀਆਂ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ (ਪੀ.ਟੀ.ਯੂ.) ਕਪੂਰਥਲਾ ਦੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਨੂੰ ਉਸਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿਚ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਵੱਲੋਂ ਉਸ ਨੂੰ ਅੱਜ ਕਪੂਰਥਲਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਚਾਰ ਦਿਨਾਂ ਲਈ ਵਿਜੀਲੈਂਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2012-2013 ਦੌਰਾਨ ਪੀ.ਟੀ.ਯੂ. ਵਿੱਚ ਵਿੱਤੀ ਅਤੇ ਪ੍ਰਬੰਧਕੀ ਬੇਨਿਯਮੀਆਂ ਸਬੰਧੀ ਵਿਸਥਾਰਤ ਪੜਤਾਲ ਸ੍ਰੀ ਐਸ.ਐਸ. ਢਿੱਲੋਂ ਸੇਵਾ ਮੁਕਤ ਆਈ.ਏ.ਐਸ. ਵੱਲੋਂ ਕੀਤੀ ਗਈ ਜਿਸ ਉਪਰੰਤ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਹਿੱਤ ਵਿਜੀਲੈਂਸ ਬਿਓਰੋ ਨੂੰ ਭੇਜੀ ਗਈ। ਉਕਤ ਪੜਤਾਲੀਆ ਰਿਪੋਰਟ ਬਾਰੇ ਕਾਨੂੰਨੀ ਰਾਇ ਦੇ ਅਧਾਰ ‘ਤੇ ਇਸ ਕੇਸ ਵਿਚ ਦੋਸ਼ੀ ਪਾਏ ਗਏ ਡਾ. ਰਜਨੀਸ਼ ਅਰੋੜਾ ਅਤੇ ਹੋਰਨਾਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 409, 120-ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਅਤੇ 13 (2) ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਨਾਂ ਦੱਸਿਆ ਕਿ ਪੀ.ਟੀ.ਯੂ. ਵਿੱਚ ਵੱਖ-ਵੱਖ ਤਰਾਂ ਦੀਆਂ ਬੇਨਿਯਮੀਆਂ ਦੀ ਪੜਤਾਲ ਤੋਂ ਪਾਇਆ ਗਿਆ ਕਿ ਡਾ. ਅਰੋੜਾ ਵੱਲੋਂ ਪਹਿਲਾਂ 6 ਕੋਆਰਡੀਨੇਟਰ ਅਤੇ ਫੇਸਿਲਿਟੇਟਰ ਦੀ ਨਿਯੁਕਤੀ ਬਗੈਰ ਕਿਸੇ ਇਸ਼ਤਿਹਾਰ ਦੇ ਮਨਮਾਨੇ ਢੰਗ ਨਾਲ ਕੀਤੀ ਗਈ ਅਤੇ ਇਨ੍ਹਾਂ 6 ਸੀ.ਐਂਡ. ਐਫਜ਼ ਨੂੰ ਸਾਲ 2012-13 ਵਿੱਚ 2,73,20,000/- ਰੁਪਏ ਅਤੇ ਸਾਲ 2013-14 ਵਿੱਚ 6,53,50,000/- ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ। ਇਸ ਮਾਮਲੇ ’ਤੇ ਬੋਰਡ ਆਫ ਗਵਰਨਰਜ਼ ਵੱਲੋਂ ਨੋਟਿਸ ਲੈਣ ਪਿੱਛੋਂ ਉਪ ਕੁਲਪਤੀ ਨੂੰ ਪੂਰਾ ਜਾਬਤਾ ਅਪਨਾਉਣ ਉਪਰੰਤ ਹੀ ਸਾਰੀਆਂ ਨਿਯੁਕਤੀਆਂ ਕਰਨ ਦੀ ਹਦਾਇਤ ਕੀਤੀ ਗਈ ਪਰ ਯੂਨੀਵਰਸਿਟੀ ਵੱਲੋਂ 12 ਸੀ.ਐਂਡ. ਐਫਜ਼ ਰੱਖਣ ਲਈ ਇਸ਼ਤਿਹਾਰ ਦੇਣ ਉਪਰੰਤ ਨਿਯੁਕਤੀਆਂ ਕਰਨ ਸਮੇ ਯੂਨੀਵਰਸਿਟੀ ਵੱਲੋ ਗਠਿਤ ਚੋਣ ਕਮੇਟੀ ਦੀਆਂ ਸਿਫਾਰਸਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੈਸਰਜ਼ ਐਨਈਟੀਆਈਆਈਟੀ (M/s N5“iit) ਵੱਲੋਂ ਉਸ ਸਮੇ ਦੇ ਡਾਇਰੈਕਟਰ (ਡੀ.ਡੀ.ਈ) ਦੀ ਈ-ਮੇਲ ਆਈ.ਡੀ ’ਤੇ ਪ੍ਰਾਪਤ ਹੋਈ ਈਮੇਲ ਦੇ ਅਧਾਰ ’ਤੇ ਹੀ ਇਹ ਨਿਯੁਕਤੀਆਂ ਕਰ ਦਿੱਤੀਆਂ। ਡਾ. ਅਰੋੜਾ ਨੇ ਇਹ ਨਿਯੁਕਤੀਆਂ ਕਰਕੇ ਨਾ ਕੇਵਲ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਬਲਕਿ ਜਿਹੜੀਆਂ ਫਰਮਾਂ ਦੀ ਯੂਨੀਵਰਸਿਟੀ ਵੱਲੋਂ ਦਿੱਤੇ ਇਸ਼ਤਿਹਾਰ ਅਨੁਸਾਰ ਸ਼ਰਤਾਂ ਪੂਰੀਆਂ ਕਰਦੇ ਹੋਣ ਕਰਕੇ ਚੋਣ ਕਮੇਟੀ ਵੱਲੋਂ ਬਣਾਈ ਗਈ ਮੈਰਿਟ ਦੇ ਅਧਾਰ ’ਤੇ ਸਿਫਾਰਸ਼ ਕੀਤੀ ਗਈ ਸੀ ਉਹਨਾਂ ਦੀ ਨਿਯੁਕਤੀ ਨਹੀਂ ਕੀਤੀ। ਉਨਾਂ ਦੱਸਿਆ ਕਿ ਇਹਨਾਂ ਵਿੱਚੋਂ 4 ਕੇਸਾਂ ਵਿੱਚ ਚੋਣ ਕਮੇਟੀ ਦੀ ਸਿਫਾਰਸ਼ ਤੋਂ ਬਾਹਰੀ ਫਰਮਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਇੱਕ ਫਰਮ ਦੀ ਨਿਯੁਕਤੀ ਉਡੀਕ ਸੂਚੀ ਵਿੱਚੋਂ ਕੀਤੀ ਗਈ। ਬੁਲਾਰੇ ਨੇ ਭਰਤੀ ਸਬੰਧੀ ਹੋਈਆਂ ਧਾਂਧਲੀਆਂ ਬਾਰੇ ਦੱਸਿਆ ਕਿ ਪੀ.ਟੀ.ਯੂ. ਵਿੱਚ ਡਾ. ਨਛੱਤਰ ਸਿੰਘ ਸਲਾਹਕਾਰ (ਡੈਪੂਟੇਸ਼ਨ) ਅਤੇ ਡਾ. ਆਰ.ਪੀ ਭਾਰਦਵਾਜ ਡਾਇਰੈਕਟਰ (ਕੰਟਰੈਕਟ) ਨੂੰ ਨਿਯੁਕਤ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਕਿਸੇ ਹੋਰ ਯੂਨੀਵਰਸਿਟੀ/ਅਦਾਰਿਆਂ ਵਿੱਚ ਇਸ ਅਸਾਮੀ ਦੀ ਭਰਤੀ ਬਾਰੇ ਕੋਈ ਸਰਕੂਲਰ ਭੇਜਿਆ ਗਿਆ ਪਰ ਇਹਨਾਂ ਵਿਅਕਤੀਆਂ ਨੂੰ ਸਿੱਧੇ ਤੌਰ ’ਤੇ ਹੀ ਭਰਤੀ ਕਰ ਲਿਆ। ਇਸ ਤੋਂ ਇਲਾਵਾ ਵਿਸ਼ਵਦੀਪ ਸਹਾਇਕ ਰਜਿਸਟਰਾਰ (ਐਡਹਾਕ), ਮਰਗਿੰਦਰ ਸਿੰਘ ਬੇਦੀ ਸਹਾਇਕ ਟ੍ਰੇਨਿੰਗ ਤੇ ਪਲੇਸਮੈਂਟ ਅਫਸਰ ਅਤੇ ਸੁਮੀਰ ਸ਼ਰਮਾ ਸਹਾਇਕ ਨਿਰਦੇਸ਼ਕ ਸੱਭਿਆਚਾਰਕ ਗਤੀਵਿਧੀਆਂ ਨੂੰ ਠੇਕੇ ’ਤੇ ਨਿਯੁਕਤ ਕਰਨ ਸਮੇ ਨਿਯਮਾਂ ਅੁਨਸਾਰ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਨੂੰ ਭਰਤੀ ਕਰਨ ਅਤੇ ਇਨ੍ਹਾਂ ਦੇ ਸੇਵਾਕਾਲ ਵਿੱਚ ਸਮੇਂ-ਸਮੇਂ ’ਤੇ ਵਾਧਾ ਕਰਨ ਮੌਕੇ ਨਿਯਮਾਂ/ਬੋਰਡ ਆਫ ਗਵਰਨਰਜ਼ ਦੀ ਮਿਤੀ 10-04-2013 ਨੂੰ 49ਵੀਂ ਬੋਰਡ ਮੀਟਿੰਗ ਵਿੱਚ ਲਏ ਫੈਸਲੇ ਦੀ ਉਲੰਘਣਾ ਵੀ ਕੀਤੀ ਗਈ। ਸ੍ਰੀਮਤੀ ਗੀਤਿਕਾ ਸੂਦ ਲੀਗਲ ਅਫਸਰ (ਰੈਗੂਲਰ) ਵੱਲੋਂ ਆਪਣੀ ਅਰਜ਼ੀ ਦੇ ਨਾਲ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਲਗਾਇਆ ਗਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਉਹ ਦਿੱਤੇ ਗਏ ਇਸ਼ਤਿਹਾਰ ਵਿੱਚ ਜ਼ਿਕਰ ਕੀਤੇ ਗਏ ਦਫਤਰਾਂ/ਯੂਨੀਵਰਸਿਟੀ ਅਕਾਦਮਿਕ ਅਤੇ ਪ੍ਰਬੰਧਕੀ ਮਾਮਲਿਆਂ ਸਬੰਧੀ ਬਤੌਰ ਲੀਗਲ ਪ੍ਰੈਕਟੀਸ਼ਨਰ ਕੰਮ ਕਰਨ ਦਾ ਤਜਰਬਾ ਰੱਖਦੀ ਸੀ। ਤੱਥਾਂ ਅਨੁਸਾਰ ਇਹ ਨਿਯੁਕਤੀ ਲੋੜੀਂਦੇ ਤਜਰਬਾ ਸਰਟੀਫਿਕੇਟ ਤੋਂ ਬਗੈਰ ਹੀ ਕਰ ਦਿੱਤੀ ਗਈ। ਉਨਾਂ ਦੱਸਿਆ ਕਿ ਇਸੇ ਤਰਾਂ ਅਸ਼ੀਸ ਸ਼ਰਮਾ ਪ੍ਰੋਗਰਾਮਰ (ਰੈਗੂਲਰ) ਵੀ ਨਿਯੁਕਤੀ ਸਮੇਂ ਇਸ ਅਸਾਮੀ ਲਈ ਲੋੜੀਂਦਾ ਤਜਰਬਾ ਪੂਰਾ ਨਹੀਂ ਕਰਦਾ ਸੀ। ਡਾ. ਅਰੋੜਾ ਨੇ ਆਪਣੇ ਜਮਾਤੀ ਪ੍ਰਵੀਨ ਕੁਮਾਰ ਨੂੰ ਮੈਸਰਜ਼ ਐਨਈਟੀਆਈਆਈਟੀ (M/s N5“iit) ਲਈ ਸਲਾਹਕਾਰ ਨਿਯੁਕਤ ਕਰਕੇ ਉਸ ਦੀ ਕੰਪਨੀ ਨੂੰ ਮੋਟੀਆਂ ਰਕਮਾਂ ਅਦਾ ਕਰ ਦਿੱਤੀਆਂ ਗਈਆਂ। ਤਫ਼ਤੀਸ਼ ਦੌਰਾਨ ਉਕਤ ਸਲਾਹਕਾਰ ਦੀ ਨਿਯੁਕਤੀ ਅਤੇ ਅਦਾਇਗੀਆਂ ਵਿਚ ਕਮੀਆਂ ਪਾਈਆਂ ਗਈਆਂ ਅਤੇ ਇਸ ਨਿਯੁਕਤੀਸਬੰਧੀ ਕੋਈ ਇਸ਼ਤਿਹਾਰ ਵੀ ਨਹੀਂ ਦਿੱਤਾ ਗਿਆ ਅਤੇ ਇਸ ਬਾਰੇ ਸੇਵਾਵਾਂ ਆਊਟਸੋਰਸ ਕਰਨ ਸਬੰਧੀ ਉਪਬੰਧਤ ਜ਼ਾਬਤਾ ਵੀ ਨਹੀਂ ਅਪਣਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਪੀ.ਟੀ.ਯੂ ਅਤੇ ਮੈਸਰਜ਼ ਐਨਈਟੀਆਈਆਈਟੀ (M/s N5“iit) ਵਿਚਕਾਰ ਮਿਤੀ 27/08/2012 ਨੂੰ ਹੋਏ ਇਕਰਾਰਨਾਮੇ ਅਨੁਸਾਰ ਉਕਤ ਫਰਮ ਨੂੰ ਦਾਖਲਾ ਫੀਸ ਦਾ 8% ਕਨਸਲਟੈਂਸੀ ਫੀਸ ਵਜੋਂ ਦਿੱਤਾ ਜਾਣਾ ਤੈਅ ਹੋਇਆ ਸੀ। ਇਹ ਦਾਖਲਾ ਫੀਸ ਦਾ 8% ਹਿੱਸਾ ਰੀਜ਼ਨਲ ਸੈਂਟਰਾਂ ਅਤੇ ਲਰਨਿੰਗ ਸੈਂਟਰਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਦੇ ਹਿੱਸੇ ਵਿੱਚੋਂ ਅਦਾ ਕੀਤਾ ਗਿਆ। ਉਨਾਂ ਦੱਸਿਆ ਕਿ ਮਿਤੀ 10/09/2012 ਨੂੰ ਮੁੱਖ ਸਕੱਤਰ ਪੰਜਾਬ ਕਮ-ਚੇਅਰਮੈਨ ਬੋਰਡ ਆਫ ਗਰਵਰਨਜ਼, ਪੀ.ਟੀ.ਯੂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਦਾਇਰ ਕੀਤੇ ਹਲਫਨਾਮੇ ਵਿਚ ਸਪੱਸ਼ਟ ਤੌਰ ’ਤੇ ਦਰਜ ਸੀ ਕਿ ਉਹਨਾਂ ਵੱਲੋਂ ਯੂਨੀਵਰਸਿਟੀ ਨੂੰ ਕਨਸਲਟੈਂਟ ਦੀ ਨਿਯੁਕਤੀ ਨੂੰ ਤੁਰੰਤ ਵਾਪਸ ਲੈਣ ਦੀ ਹਦਾਇਤ ਕੀਤੀ ਗਈ ਪ੍ਰੰਤੂ ਇਹ ਨਿਯੁਕਤੀ ਵਾਪਸ ਨਹੀਂ ਲਈ ਗਈ ਅਤੇ ਇਸ ਵਿਅਕਤੀ ਨੂੰ ਦਸੰਬਰ 2014 ਤੱਕ ਵੀ ਕੰਮਾਂ ਦੀ ਲਗਾਤਾਰ ਅਦਾਇਗੀ ਹੁੰਦੀ ਰਹੀ ਜ਼ੋ ਕਿ ਕੁੱਲ 24,37,32,616/-ਰੁਪਏ ਕੀਤੀ ਗਈ। ਪੜਤਾਲ ਦੌਰਾਨ ਉਕਤ ਫਰਮ ਵੱਲੋਂ ਯੂਨੀਵਰਸਿਟੀਆਂ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਬਾਰੇ ਸਬੰਧਤ ਵਿਭਾਗਾਂ ਵੱਲੋਂ ਕੋਈ ਵੇਰਵੇ ਉਪਲੱਬਧ ਨਹੀਂ ਕਰਵਾਏ ਗਏ। ਬੁਲਾਰੇ ਨੇ ਦੱਸਿਆ ਕਿ ਪੁਲਿਸ ਲਾਈਨ ਕਪੂਰਥਲਾ ਵਿਖੇ ਸੋਲਰ ਲਾਈਟਾਂ ਪਿੱਲਰਾਂ ਸਮੇਤ ਲਗਵਾਉਣ ਉਪਰ ਯੂਨੀਵਰਸਿਟੀ ਵੱਲੋਂ 5 ਲੱਖ 60 ਹਜਾਰ ਰੁਪਏ ਦੀ ਅਦਾਇਗੀ ਯੂਨੀਵਰਸਿਟੀ ਐਕਟ ਦੀ ਧਾਰਾ 4(17) ਦੇ ਖਿਲਾਫ ਜਾ ਕੇ ਕੀਤੀ ਗਈ। ਪੀ.ਟੀ.ਯੂ ਵੱਲੋਂ ਇਹ ਰਾਸ਼ੀ ਦੀ ਮਨਜੂਰੀ ਮਿਤੀ 08/11/2012 ਨੂੰ ਦਿੱਤੀ ਗਈ। ਸੋਲਰ ਲਾਈਟਾਂ ਦੀ ਅਦਾਇਗੀ ਸਬੰਧੀ ਗਠਿਤ ਕਮੇਟੀ ਦੇ ਕੁੱਝ ਮੈਂਬਰਾਂ ਨੇ ਆਪਣੀ ਸਹਿਮਤੀ ਵੀ ਪ੍ਰਗਟ ਨਹੀਂ ਕੀਤੀ ਸੀ ਪ੍ਰੰਤੂ ਫਿਰ ਵੀ ਯੂਨੀਵਰਸਿਟੀ ਵੱਲੋਂ ਇਸ ਰਾਸ਼ੀ ਦੀ ਅਦਾਇਗੀ ਕਰ ਦਿੱਤੀ ਗਈ। ਸਿਤਮ ਇਹ ਰਿਹਾ ਕਿ ਇਸ ਸਬੰਧੀ ਫਾਈਲ ਵੀ ਖੁਰਦ-ਬੁਰਦ ਕਰ ਦਿੱਤੀ ਗਈ। ਉਨਾਂ ਦੱਸਿਆ ਕਿ ਡਾ. ਅਰੋੜਾ ਅਤੇ ਮੈਸਰਜ਼ ਐਨਈਟੀਆਈਆਈਟੀ ਦੀ ਮਿਲੀਭੁਗਤ ਨਾਲ ਦਿੱਲੀ ਕੈਂਪ ਆਫਿਸ ਖੋਲ ਕੇ 1,65,52,562.63/- ਰੁਪਏ ਦੀ ਫਜ਼ੂਲ ਖਰਚੀ ਕੀਤੀ। ਉਨਾਂ ਧਰਿੰਦਰ ਤਾਇਲ ਦੁਆਰਾ ਚੰਡੀਗੜ੍ਹ ਵਿਖੇ ਸਥਾਪਿਤ ਕੀਤੇ ਗਏ ਡਾਇਰੈਕਟ ਲਰਨਿੰਗ ਸੈਂਟਰ ਵਿੱਚ ਇਸੇ ਯੂਨੀਵਰਸਿਟੀ ਦੇ ਦੂਜੇ ਲਰਨਿੰਗ ਸੈਂਟਰਾਂ ਮੁਕਾਬਲੇ ਵੱਧ ਫੀਸ ਚਾਰਜ ਕਰਨ ਦੀ ਆਗਿਆ ਦਿੱਤੀ ਜਿਸ ਨਾਲ ਧਰਿੰਦਰ ਤਾਇਲ ਦੁਆਰਾ ਚਲਾਏ ਜਾ ਰਹੇ ਐਨੋਵਾਇਸ ਇੰਸਟੀਚਿਊਟ ਆਫ ਕਲੀਨੀਕਲ ਰਿਸਰਚ ਨੂੰ ਵਿੱਤੀ ਲਾਭ ਪਹੁੰਚਾਇਆ। ਉਨਾਂ ਯੂ.ਜੀ.ਸੀ ਵੱਲੋਂ ਸਪੱਸ਼ਟੀਕਰਣ ਦਿੱਤੇ ਜਾਣ ਉਪਰੰਤ ਵੀ ਉਕਤ ਇੰਸਟੀਚਿਊਟ ਨੂੰ ਪੀ.ਟੀ.ਯੂ ਦੇ ਸੀਮਾ ਖੇਤਰ ਤੋਂ ਬਾਹਰ ਅਰਥਾਤ ਚੰਡੀਗੜ੍ਹ ਤੋਂ ਸੰਸਥਾ ਚਲਾਉਣ ਦੀ ਮਨਜੂਰੀ ਦਿੱਤੀ। ਤਫਤੀਸ਼ ਦੌਰਾਨ ਪਾਇਆ ਗਿਆ ਕਿ ਡਾ. ਅਰੋੜਾ ਨੇ ਮਿਲੀਭੁਗਤ ਨਾਲ ਬਿਨਾਂ ਕੋਈ ਬਣਦੀ ਵਿਧੀ ਅਪਣਾਏ ਭਾਰੀ ਮਾਤਰਾ ਵਿੱਚ ਪੈਸੇ ਦਾ ਆਦਾਨ-ਪ੍ਰਦਾਨ ਕੀਤਾ ਅਤੇ ਇੱਕ ਪ੍ਰਾਈਵੇਟ ਕੰਪਨੀ ਮੈਸਰਜ਼ ਐਨਈਟੀਆਈਆਈਟੀ ਨੂੰ ਤਕਰੀਬਨ 25 ਕਰੋੜ ਦੀ ਰਾਸ਼ੀ ਬਤੌਰ ਕੰਸਲਟੈਂਸੀ ਫੀਸ ਬਿਨਾਂ ਕਿਸੇ ਵਿੱਤੀ ਨਿਯਮ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਅਤੇ ਯੂਨੀਵਰਸਿਟੀ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ। ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਜਾਰੀ ਤਫਤੀਸ਼ ਦੌਰਾਨ ਉਕਤ ਦੋਸ਼ੀਆਂ ਤੋਂ ਇਲਾਵਾ ਸਾਹਮਣੇ ਆਏ ਹੋਰ ਤੱਥਾਂ ਅਤੇ ਹੋਰ ਅਧਿਕਾਰੀ/ਕਰਮਚਾਰੀਆਂ ਦੀ ਭੂਮਿਕਾ ਸਬੰਧੀ ਵੀ ਤਫਤੀਸ਼ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ