ਗੁਰਪ੍ਰੀਤ ਸਿੰਘ ਨਿਆਮੀਆਂ ਦੀ ਪੁਸਤਕ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ ਦਾ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵਿਹੜੇ ’ਅੰਤਰਰਾਸ਼ਟਰੀ ਪੁਆਧੀ ਮੰਚ ਮੁਹਾਲੀ’ ਦੇ ਸਹਿਯੋਗ ਨਾਲ ਗੁਰਪ੍ਰੀਤ ਸਿੰਘ ਨਿਆਮੀਆਂ ਦੁਆਰਾ ਰਚਿਤ ਪੁਸਤਕ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ ਦਾ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਕੀਤੀ ਜਦੋਂਕਿ ਡਾ. ਸੁਖਵਿੰਦਰ ਸਿੰਘ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋੱ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ’ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਡਾ. ਗੁਰਮੀਤ ਸਿੰਘ ਬੈਦਵਾਣ ਨੇ ਹਥਲੀ ਪੁਸਤਕ ਬਾਰੇ ‘ਲਹੂ ਭਿੱਜੀ ਉਡਾਣ ਭਰਦੇ ਜੁਗਨੂੰਆਂ ਦਾ ਸਫ਼ਰ’ ਸਿਰਲੇਖ ਅਧੀਨ ਪਰਚਾ ਪੜ੍ਹਦਿਆਂ ਆਖਿਆ ਕਿ ਪੁਆਧ ਦੀ ਧਰਤੀ ਤੇ ਵਾਪਰੇ ਸਿੱਖ ਇਤਿਹਾਸ ਦੇ ਇਸ ਦੁਖਦਾਈ ਕਾਂਡ ਨੂੰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਦਿਲ ਦੀ ਹੂਕ ਬਣਾ ਦਿੱਤਾ ਹੈ। ਡਾ. ਸੁਖਵਿੰਦਰ ਸਿੰਘ ਨੇ ਸਿੱਖ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਿੱਖ ਸਮਾਜ ਵਿਚ ਨਾਰੀ ਦੇ ਸਕਾਰਾਤਮਕ ਰੋਲ ਬਾਰੇ ਵਿਸਥਾਰ ਵਿਚ ਗੱਲ ਕੀਤੀ। ਹਰਸਿਮਰਨ ਸਿੰਘ ਬੱਲ ਵੱਲੋਂ ਕਿਹਾ ਗਿਆ ਕਿ ਹਥਲੀ ਪੁਸਤਕ ਵਿਚ ਸ਼ਹਾਦਤ ਦੇ ਸਫ਼ਰ ਨਾਲ ਜੁੜੇ ਅਨੇਕਾਂ ਅਣਛੂਹੇ ਪਹਿਲੂਆਂ ਨੂੰ ਥਾਂ ਦਿੱਤੀ ਗਈ ਹੈ।
ਡਾ. ਯੋਗਰਾਜ ਵੱਲੋੱ ਪ੍ਰਧਾਨਗੀ ਭਾਸ਼ਣ ਵਿਚ ਸਿੱਖ ਇਤਿਹਾਸ ਦੇ ਸਫ਼ਰ-ਏ-ਸ਼ਹਾਦਤ ਬਾਰੇ ਚਰਚਾ ਕਰਨ ਦੇ ਨਾਲ-ਨਾਲ ਭਾਰਤੀ ਇਤਿਹਾਸ ਦੇ ਅਣਜਾਣੇ ਪਹਿਲੂਆਂ ਤੇ ਵੀ ਚਾਨਣਾ ਪਾਇਆ। ਗੁਰਪ੍ਰੀਤ ਸਿੰਘ ਨਿਆਮੀਆ ਵੱਲੋੱ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਗਿਆ ਕਿ ਖੂਨ ਨਾਲ ਭਿੱਜੇ ਇਸ ਸ਼ਹੀਦੀ ਮਹੀਨੇ ਦੇ ਇਤਿਹਾਸ ਨੂੰ ਕਲਮਬੱਧ ਕਰਨਾ ਉਨ੍ਹਾਂ ਲਈ ਬਹੁਤ ਹੀ ਅੌਖਾ ਕਾਰਜ ਸੀ।
ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਵੱਲੋਂ ਹਥਲੀ ਪੁਸਤਕ ਨੂੰ ਸੱਤ ਕਾਲੀਆਂ ਰਾਤਾਂ ਦੀ ਦਾਸਤਾਂ ਦੱਸਿਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਡਰਾਂ ਵੱਲੋਂ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ ਨੂੰ ਕਲਮਬੱਧ ਕਰਨ ਲਈ ਗੁਰਪ੍ਰੀਤ ਨਿਆਮੀਆਂ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਸਿੱਖ ਇਤਿਹਾਸ ’ਚੋਂ ਖੁਰਦੀ ਜਾ ਰਹੀ ਵਿਰਾਸਤ ਦੀ ਸੰਭਾਲ ਲਈ ਸਮੂਹ ਅਦਾਰਿਆਂ ਅਤੇ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਕੁਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਗੁਰਪ੍ਰੀਤ ਨਿਆਮੀਆ ਸਿੱਖੀ ਸਿਧਾਂਤ ਨੂੰ ਪ੍ਰਣਾਈ ਸ਼ਖਸੀਅਤ ਹੈ। ਪ੍ਰਸਿੱਧ ਫਿਲਮੀ ਅਦਾਕਾਰ ਮਲਕੀਤ ਸਿੰਘ ਰੌਣੀ ਵੱਲੋੱ ਗੁਰਪ੍ਰੀਤ ਨਿਆਮੀਆਂ ਨੂੰ ਇਸ ਇਤਿਹਾਸਕ ਪੁਸਤਕ ਲਿਖਣ ਲਈ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਪੁਸਤਕ ਲਿਖਣਾ ਆਪਣੇ ਆਪ ਵਿੱਚ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਜੋ ਕੋਈ ਵਿਰਲਾ ਹੀ ਨਿਭਾਉੱਦਾ ਹੈ। ਇਸ ਮੌਕੇ ਮੋਹਣੀ ਤੂਰ ਅਤੇ ਸੁਰਜੀਤ ਸਿੰਘ ਧੀਰ ਵੱਲੋੱ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਗੀਤ ਗਾ ਕੇ ਹਾਜ਼ਰੀ ਭਰੀ ਗਈ। ਨਾਲ ਹੀ ਦਰਸ਼ਨ ਤਿਊਣਾ ਦੇ ਗੀਤ ਪੁੱਤਰ ਪਿਆਰੇ ਦਾ ਪੋਸਟਰ ਵੀ ਜਾਰੀ ਕੀਤਾ।
ਵਿਚਾਰ ਚਰਚਾ ਵਿੱਚ ਜੈਦੀਪ ਕੌਰ, ਪਰਮਜੀਤ ਕੌਰ, ਉਦੈਪ੍ਰਤਾਪ ਸਿੰਘ, ਅਨਾਹਿਤਾ ਕੌਰ ਥਿੰਦ, ਖੁਸ਼ਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ, ਗੁਰਮੀਤ ਸਿੰਘ ਖਰੜ, ਨਗਿੰਦਰ ਸਿੰਘ ਮੁਹਾਲੀ, ਬਾਬੂ ਰਾਮ ਦੀਵਾਨਾ, ਹਰਿੰਦਰ ਸਿੰਘ ਹੰਸ, ਬਲਜਿੰਦਰ ਕੌਰ ਸ਼ੇਰਗਿੱਲ, ਮਨਜੀਤਪਾਲ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਨਾਗਰਾ, ਸਿਮਰਜੀਤ ਕੌਰ ਗਰੇਵਾਲ, ਭਗਤ ਰਾਮ ਰੰਗਾੜਾ, ਕਰਮਜੀਤ ਸਿੰਘ ਨੰਬਰਦਾਰ, ਸੁਧਾ ਜੈਨ ਸੁਦੀਪ, ਬਹਾਦਰ ਸਿੰਘ ਗੋਸਲ, ਸਰਦਾਰਾ ਸਿੰਘ ਚੀਮਾ, ਡਾ. ਸੁਨੀਤਾ ਰਾਣੀ, ਦਸਵਿੰਦਰ ਸਿੰਘ ਸਹੌਤਾ, ਰਣਵੀਰ ਸਿੰਘ ਰਤਵਾੜਾ ਸਾਹਿਬ, ਰਵਿੰਦਰਪਾਲ ਸਿੰਘ ਢੀਂਡਸਾ, ਜਸਪਾਲ ਸਿੰਘ ਲਾਂਡਰਾਂ, ਜਸਵੰਤ ਸਿੰਘ ਪੂਣੀਆ, ਪਰਮਦੀਪ ਸਿੰਘ ਬੈਦਵਾਨ, ਜਤਿੰਦਰਜੀਤ, ਜ਼ਿਲ੍ਹਾ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ ਆਦਿ ਨੇ ਵੀ ਸ਼ਿਰਕਤ ਕੀਤੀ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਆਏ ਮਹਿਮਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…