Nabaz-e-punjab.com

ਕਰੋਨਾ ਮਾਮਲਿਆਂ ਵਿੱਚ ਵਾਧੇ ਲਈ ਲੋਕਾਂ ਦਾ ਲਾਪਰਵਾਹ ਰਵੱਈਆ ਵੱਡਾ ਕਾਰਨ: ਸਿਵਲ ਸਰਜਨ

ਮਾਰੂ ਬਿਮਾਰੀ ਦੀ ਰੋਕਥਾਮ ਲਈ ਪ੍ਰਬੰਧਾਂ ਦੀ ਘਾਟ ਨਹੀਂ ਪਰ ਲੋਕਾਂ ਦਾ ਸਾਥ ਜ਼ਰੂਰੀ

ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਿਆ ਜਾਵੇ, ਮੂੰਹ ਢੱਕ ਕੇ ਰੱਖਣ ਦੀ ਆਦਤ ਪਾਈ ਜਾਵੇ:

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਜ਼ਿਲ੍ਹਾ ਮੁਹਾਲੀ ਵਿੱਚ ‘ਕਰੋਨਾਵਾਇਰਸ’ ਲਾਗ ਦੇ ਵੱਧ ਰਹੇ ਕੇਸਾਂ ਦੇ ਸਨਮੁਖ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਆਖਿਆ ਕਿ ਇਸ ਮਾਰੂ ਬੀਮਾਰੀ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਮੁੱਖ ਕਾਰਨ ਇਹੋ ਹੈ ਕਿ ਬਹੁਤੇ ਲੋਕ ਮੂੰਹ ਢੱਕ ਕੇ ਰੱਖਣ, ਇਕ ਦੂਜੇ ਤੋਂ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਦੇ ਬੁਨਿਆਦੀ ਦਿਸ਼ਾ-ਨਿਰਦੇਸ਼ਾਂ ਦੀ ਉੱਕਾ ਹੀ ਪਰਵਾਹ ਨਹੀਂ ਕਰ ਰਹੇ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ‘ਇਸ ਵੇਲੇ ਜ਼ਰੂਰੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਬੇਹੱਦ ਜ਼ਰੂਰਤ ਹੈ। ਭਾਵੇਂ ਜ਼ਿਲ੍ਹੇ ਵਿਚ ਇਸ ਬਿਮਾਰੀ ਦੀ ਰੋਕਥਾਮ ਲਈ ਤਮਾਮ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁਕੇ ਹਨ ਅਤੇ ਸਿਹਤ ਵਿਭਾਗ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਪਹਿਲੇ ਦਿਨ ਤੋਂ ਹੀ ਪੂਰੀ ਵਾਹ ਲਾ ਰਿਹਾ ਹੈ ਪਰ ਇਸ ਬਿਮਾਰੀ ਪ੍ਰਤੀ ਲੋਕਾਂ ਦਾ ਲਾਪਰਵਾਹ ਰਵਈਆ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ।’ ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਬਿਮਾਰੀ ਹੁਣ ਸ਼ਾਇਦ ਖ਼ਤਮ ਹੋ ਗਈ ਹੈ। ਬਹੁਤੀ ਥਾਈਂ ਲੋਕ ਬੇਖ਼ੌਫ਼ ਹੋ ਕੇ ਮੂੰਹ ਢਕੇ ਬਿਨਾਂ ਘੁੰਮ-ਫਿਰ ਰਹੇ ਹਨ ਅਤੇ ਬਿਨਾਂ ਕਿਸੇ ਖ਼ਾਸ ਲੋੜ ਜਾਂ ਕੰਮ ਦੇ ਬਾਜ਼ਾਰਾਂ ਵਿਚ ਜਾ ਰਹੇ ਹਨ ਜੋ ਬਹੁਤ ਗ਼ਲਤ ਰੁਝਾਨ ਹੈ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਗਿਆਨ ਹਸਪਤਾਲ ਬਨੂੜ ਤੋਂ ਇਲਾਵਾ ਹੁਣ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵੀ ਲੈਵਲ 1 ‘ਕੋਵਿਡ ਕੇਅਰ ਸੈਂਟਰ’ ਬਣਾਇਆ ਗਿਆ ਹੈ ਜਿਥੇ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲੋੜੀਂਦੇ ਪ੍ਰਬੰਧਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਬੀਮਾਰੀ ’ਤੇ ਕਾਬੂ ਪਾਉਣਾ ਮੁਸ਼ਕਲ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕੱਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।
ਸਿਵਲ ਸਰਜਨ ਨੇ ਦੁਹਰਾਇਆ ਕਿ ਪਾਣੀ, ਸੀਵਰੇਜ ਅਤੇ ਬਿਜਲੀ ਦਾ ਬਿੱਲ ਭਰਨ, ਕਰਜ਼ੇ ਦੀ ਕਿਸ਼ਤ ਭਰਨ, ਵਾਹਨ ਦਾ ਬੀਮਾ ਕਰਵਾਉਣ, ਰਸੋਈ ਗੈਸ ਸਲੰਡਰ ਭਰਵਾਉਣ ਲਈ ਅਦਾਇਗੀ ਕਰਨ, ਮੋਬਾਈਲ ਫੋਨ ਰੀਚਾਰਜ ਕਰਵਾਉਣ ਜਾਂ ਅਜਿਹੇ ਹੋਰ ਕਈ ਕੰਮ ਘਰ ਵਿੱਚ ਹੀ ਮੋਬਾਈਲ ਜਾਂ ਕੰਪਿਊਟਰ ’ਤੇ ਆਨਲਾਈਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਾਸਤੇ ਬਾਹਰ ਬਾਜ਼ਾਰ ਵਿੱਚ ਜਾਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਦੁਕਾਨਾਂ ਵਿਚ ਗਾਹਕਾਂ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਕ ਦੂਰੀ ਹਰ ਹਾਲਤ ਵਿਚ ਕਾਇਮ ਰੱਖੀ ਜਾਣੀ ਚਾਹੀਦੀ ਹੈ। ਦੁਕਾਨ ਵਿੱਚ ਦਾਖ਼ਲ ਹੋਣ ਵੇਲੇ ਅਤੇ ਬਾਹਰ ਆਉਣ ਸਮੇਂ ਵੀ ਹੱਥ ਧੋਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…