nabaz-e-punjab.com

ਪੁੱਡਾ ਅਤੇ ਹੋਰ ਅਥਾਰਟੀਆਂ ਕਰਨਗੀਆਂ ਆਪਣੀਆਂ ਜਾਇਦਾਦਾਂ ਦੀ 10 ਰੋਜ਼ਾ ਈ-ਨਿਲਾਮੀ 1 ਜੂਨ ਤੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਪੰਜਾਬ ਭਰ ਵਿੱਚ ਜਾਇਜ਼ ਕੀਮਤਾਂ ਅਤੇ ਸ਼ਾਨਦਾਰ ਥਾਵਾਂ ’ਤੇ ਸਥਿਤ ਪ੍ਰਾਪਰਟੀਆਂ ਖਰੀਦਣ ਦੇ ਚਾਹਵਾਨਾਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ, ਕਿਉਂਜੋ ਪੁੱਡਾ ਅਤੇ ਹੋਰ ਵਿਸ਼ੇਸ਼ ਅਥਾਰਟੀਆਂ ਨੇ 1 ਜੂਨ ਨੂੰ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਲਈ ਤਿਆਰੀ ਕਰ ਲਈ ਹੈ। ਵੱਖ-ਵੱਖ ਜਾਇਦਾਦਾਂ ਲਈ ਆਪਣੀ ਕਿਸਮਤ ਅਜਮਾਉਣ ਲਈ ਬੋਲੀਕਾਰਾਂ ਕੋਲ 10 ਦਿਨਾਂ ਦਾ ਸਮਾਂ ਹੋਵੇਗਾ, ਕਿਉਂਜੋ ਇਹ ਈ-ਨਿਲਾਮੀ 10 ਜੂਨ ਨੂੰ ਖ਼ਤਮ ਹੋਵੇਗੀ। ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਕਾਰਨ ਈ-ਨਿਲਾਮੀ ਦੋ ਮਹੀਨੇ ਬਾਅਦ ਹੋਣ ਜਾ ਰਹੀ ਹੈ।
ਅੱਜ ਦੇਰ ਸ਼ਾਮੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁੱਡਾ ਵੱਲੋਂ ਈ-ਨਿਲਾਮੀ ਰਾਹੀਂ ਵੇਚੀਆਂ ਜਾਣ ਵਾਲੀਆਂ ਜਾਇਦਾਦਾਂ ਵਿੱਚ ਸੰਸਥਾਗਤ, ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਪ੍ਰਾਪਰਟੀਆਂ ਸ਼ਾਮਲ ਹਨ। ਬੋਲੀਕਾਰ ਮੁਹਾਲੀ ਸਮੇਤ ਲੁਧਿਆਣਾ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਸਥਿਤ ਵੱਡੀਆਂ ਵਪਾਰਕ ਸਾਈਟਾਂ ਲਈ ਬੋਲੀ ਦੇਣ ਤੋਂ ਇਲਾਵਾ ਬਟਾਲਾ ਦੀ ਸਕੂਲ ਸਾਈਟ ਅਤੇ ਲੁਧਿਆਣਾ ਤੇ ਜਲੰਧਰ ਸਥਿਤ ਹੋਟਲ ਸਾਈਟਾਂ ਲਈ ਵੀ ਬੋਲੀ ਦੇ ਸਕਣਗੇ। ਗਮਾਡਾ ਵੱਲੋਂ ਸੰਸਥਾਗਤ ਸਾਈਟਾਂ ਜਿਨ੍ਹਾਂ ਵਿੱਚ ਹੋਟਲ, ਸਕੂਲ, ਪੈਟਰੋਲ ਪੰਪ ਸ਼ਾਮਲ ਹਨ। ਇੰਝ ਹੀ ਵਪਾਰਕ ਸਾਈਟਾਂ ਜਿਵੇਂ ਕਿ ਐਸਸੀਓ, ਬੂਥ, ਦੁਕਾਨਾਂ ਅਤੇ ਰਿਹਾਇਸ਼ੀ ਪਲਾਟਾਂ ਨੂੰ ਵੀ ਨਿਲਾਮ ਕਰਨ ਦਾ ਫੈਸਲ ਲਿਆ ਗਿਆ ਹੈ। ਇਹ ਸਾਰੀਆਂ ਪ੍ਰਾਪਰਟੀਆਂ ਪਹਿਲਾਂ ਤੋਂ ਹੀ ਵਿਕਸਤ ਸੈਕਟਰਾਂ/ਸ਼ਹਿਰੀ ਮਿਲਖਾਂ ਵਿੱਚ ਹਨ, ਜੋ ਕਿ ਆਮ ਲੋਕਾਂ ਲਈ ਕਾਫੀ ਫਾਇਦੇਮੰਦ ਹਨ। ਆਈਟੀ ਸਿਟੀ ਵਿੱਚ ਸਥਿਤ ਤਿੰਨ ਹੋਟਲ ਸਾਈਟਾਂ (2 ਏਕੜ, 4 ਏਕੜ ਅਤੇ 10 ਏਕੜ ਰਕਬੇ ਦੀਆਂ) ਅਤੇ ਉਦਯੋਗਿਕ ਪਲਾਟ (5 ਏਕੜ) ਅਤੇ ਈਕੋ ਸਿਟੀ-1 ਵਿੱਚ ਸਥਿਤ 5 ਏਕੜ ਦੀ ਸਕੂਲ ਸਾਈਟ ਈ-ਨਿਲਾਮੀ ਵਿੱਚ ਉਪਲਬਧ ਹੋਣਗੇ।
ਇਸ ਤੋਂ ਇਲਾਵਾ ਮੈਡੀਸਿਟੀ ਵਿੱਚ ਸਥਿਤ 5.66 ਏਕੜ ਦੀ ਇਕ ਗਰੁੱਪ ਹਾਊਸਿੰਗ ਸਾਈਟ ਅਤੇ 1.08 ਏਕੜ ਦੀ ਇਕ ਪੈਟਰੋਲ ਪੰਪ ਸਾਈਟ ਵੀ ਈ-ਨਿਲਾਮੀ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਵਪਾਰਕ ਪ੍ਰਾਪਰਟੀਆਂ ਜਿਵੇਂ ਕਿ ਐਸਸੀਓ, ਐਸਸੀਐਫ਼, ਐਸਸੀਐਸ, ਦੋ ਮੰਜ਼ਿਲਾ ਦੁਕਾਨਾਂ, ਬੂਥ, ਬਿਲਟ-ਅੱਪ ਬੂਥ ਅਤੇ ਰਿਹਾਇਸ਼ੀ ਪਲਾਟਾਂ ਨੂੰ ਵੀ ਈ-ਨਿਲਾਮੀ ਲਈ ਪੇਸ਼ ਕੀਤੀਆਂ ਜਾਣ ਵਾਲੀਆਂ ਪ੍ਰਾਪਰਟੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਪ੍ਰਾਪਰਟੀਆਂ ਐਸ਼ਏਐਸ਼ ਨਗਰ, ਲੁਧਿਆਣਾ, ਪਟਿਆਲਾ, ਨਾਭਾ, ਜਲੰਧਰ, ਅੰਮ੍ਰਿਤਸਰ, ਮੁਕੇਰੀਆਂ, ਫਗਵਾੜਾ, ਗੁਰਦਾਸਪੁਰ, ਬਟਾਲਾ, ਮਲੋਟ, ਅਬੋਹਰ, ਮਾਨਸਾ ਅਤੇ ਫਰੀਦਕੋਟ ਵਿਖੇ ਸਥਿਤ ਹਨ। ਈ-ਨਿਲਾਮੀ ਵਿੱਚ ਭਾਗ ਲੈਣ ਲਈ ਦਿਲਚਸਪੀ ਰੱਖਣ ਵਾਲੇ ਬੋਲੀਕਾਰਾਂ ਨੂੰ ਆਪਣੇ ਆਪ ਨੂੰ ਵਿਭਾਗ ਦੇ ਈ-ਨਿਲਾਮੀ ਪੋਰਟਲ Puda.e-auctions.in ’ਤੇ ਰਜਿਸਟਰ ਕਰਵਾਉਣਾ ਪਵੇਗਾ। ਬੋਲੀਕਾਰਾਂ ਕੋਲ ਬਿਆਨੇ ਦੀ ਰਕਮ ਦਾ ਭੁਗਤਾਨ ਕਰਨ ਲਈ ਆਰਟੀਜੀਐਸ, ਐਨਈਐਫ਼ਟੀ, ਕਰੈਡਿਟ ਕਾਰਡ ਅਤੇ ਡੈਬਿਟ ਕਾਰਡ ਦਾ ਵਿਕਲਪ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…