
ਪੁੱਡਾ ਮੁਲਾਜ਼ਮਾਂ ਦੀ ਲੜੀਵਾਰ ਭੁੱਖ ਹੜਤਾਲ 23ਵੇਂ ਦਿਨ ਵਿੱਚ ਦਾਖ਼ਲ
ਸਮੂਹ ਪੁੱਡਾ ਅਥਾਰਟੀਆਂ ਦੇ ਮੁਲਾਜ਼ਮ 9 ਅਕਤੂਬਰ ਨੂੰ ਉਲੀਕਣਗੇ ਅਗਲੇ ਸੰਘਰਸ਼ ਦੀ ਰੂਪਰੇਖਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਸ਼ੀਸ਼ਨ ਕੁਮਾਰ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਪੁੱਡਾ ਭਵਨ ਦੇ ਬਾਹਰ ਮੁਲਾਜ਼ਮ ਮੰਗਾਂ ਸਬੰਧੀ ਸ਼ੁਰੂ ਕੀਤੀ ਭੁੱਖ-ਹੜਤਾਲ ਵੀਰਵਾਰ ਨੂੰ 23ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਅੱਜ ਲੁਧਿਆਣਾ ਜ਼ੋਨ ਦੇ ਪ੍ਰਧਾਨ ਦਵਾਰਕਾ ਪ੍ਰਸ਼ਾਦ, ਮਨਜਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਕਲਾਮ ਆਦਿ ਸਾਥੀ ਆਪਣੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸ਼ਾਂਤੀਪੂਰਨ ਤਰੀਕੇ ਨਾਲ ਭੁੱਖ ਹੜਤਾਲ ’ਤੇ ਬੈਠੇ ਅਤੇ ਪੁੱਡਾ ਮੈਨੇਜਮੈਂਟ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਪੁੱਡਾ ਮੈਨੇਜਮੈਂਟ ਕਰੋਨਾ ਮਹਾਮਾਰੀ ਦੀ ਆੜ ਹੇਠ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਰਕਾਰੀ ਅਣਦੇਖੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਵਿਕਾਸ ਫੰਡ ਵਜੋਂ 200 ਰੁਪਏ ਦੀ ਕਟੌਤੀ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਮੋਬਾਈਲ ਭੱਤਾ ਬਹਾਲ ਕੀਤਾ ਜਾਵੇ ਅਤੇ ਡੀਏ ਦੀਆਂ ਕਿਸ਼ਤਾਂ ਦਾ ਰਹਿੰਦਾ ਬਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ। ਸੁਪਰਵਾਈਜ਼ਰ ਕੈਟਾਗਰੀ ਨੂੰ ਟੈਕਨੀਕਲ ਸਕੇਲ ਦਿੱਤਾ ਜਾਵੇ, ਦਰਜਾ ਚਾਰ ਕੁਆਲੀਫਾਈਡ ਫੀਲਡ ਸਟਾਫ਼ ਨੂੰ ਤਰੱਕੀ ਦੇ ਕੇ ਸੁਪਰਵਾਈਜ਼ਰ ਅਤੇ ਪੰਪ ਅਪਰੇਟਰ, ਮੀਟਰ ਰੀਡਰ ਬਣਾਉਣ, ਲੈਜਰ ਕੀਪਰਾਂ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ ਦਿੱਤੀ ਜਾਵੇ ਅਤੇ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁੱਡਾ ਮੁਲਾਜ਼ਮਾਂ ਦੀਆਂ ਪ੍ਰਵਾਨਿਤ ਮੰਗਾਂ ਨੂੰ ਜਲਦੀ ਲਾਗੂ ਨਹੀਂ ਕੀਤਾ ਗਿਆ ਤਾਂ ਪੰਜਾਬ ਦੀਆਂ ਸਮੂਹ ਪੁੱਡਾ ਅਥਾਰਟੀਆਂ ਦੇ ਮੁਲਾਜ਼ਮਾਂ ਨੂੰ 9 ਅਕਤੂਬਰ ਨੂੰ ਸੱਦ ਕੇ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ।
ਇਸ ਮੌਕੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਮਨਜੀਤ ਸਿੰਘ ਮੁਹਾਲੀ, ਗੁਰਦੇਵ ਸਿੰਘ, ਬਲਦੇਵ ਸਿੰਘ, ਪਾਲ ਸਿੰਘ, ਕੁਲਦੀਪ ਸਿੰਘ ਧਨੋਆ, ਮੱਖਣ ਸਿੰਘ, ਬੰਤ ਸਿੰਘ ਅਤੇ ਸ਼ੰਗਾਰਾ ਸਿੰਘ ਲੁਧਿਆਣਾ ਵੀ ਹਾਜ਼ਰ ਸਨ।