
ਪੁੱਡਾ ਮੁਲਾਜ਼ਮਾਂ ਨੂੰ ਜਾਇਜ਼ ਮੰਗਾਂ ਹੱਲ ਹੋਣ ਦੀ ਆਸ ਬੱਝੀ
ਮੁੱਖ ਪ੍ਰਸ਼ਾਸਕ ਨੇ ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਪੁੱਡਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਮੁੱਖ ਆਗੂਆਂ ਨੇ ਪੁੱਡਾ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਅਪਨੀਤ ਕੌਰ ਰਿਆੜ ਨਾਲ ਮੀਟਿੰਗ ਕੀਤੀ। ਜਿਸ ਵਿੱਚ ਮੁੱਖ ਇੰਜੀਨੀਅਰ ਰਾਜੀਵ ਮੋਦਗਿੱਲ, ਅਮਲਾ ਅਫ਼ਸਰ ਦਲਬੀਰ ਕੌਰ, ਐਡਮਿਨ ਅਫ਼ਸਰ ਜਸਵਿੰਦਰ ਸਿੰਘ ਕਾਹਲੋਂ, ਮੁੱਖ ਲੇਖਾ ਅਫ਼ਸਰ ਸ੍ਰੀਮਤੀ ਮਮਤਾ ਸ਼ਰਮਾ, ਪ੍ਰਬੰਧਕ ਅਫ਼ਸਰ ਭਗਵੰਤ ਕੌਰ, ਮਿਲਖ ਅਫ਼ਸਰ (ਨੀਤੀ) ਸੁਖਵਿੰਦਰ ਕੁਮਾਰੀ ਅਤੇ ਨਿਗਰਾਨ ਇੰਜੀਨੀਅਰ ਸਮੇਤ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਲਾ, ਚੇਅਰਮੈਨ ਜਰਨੈਲ ਸਿੰਘ, ਪਰਮਜੀਤ ਸਿੰਘ ਬੋਪਾਰਾਏ, ਨਿਰਮਲਾ ਦੇਵੀ, ਮਨਜੀਤ ਸਿੰਘ, ਸੁਨੀਲ ਕੁਮਾਰ, ਗੁਰਦੇਵ ਸਿੰਘ, ਪਾਲ ਸਿੰਘ, ਚਰਨ ਸਿੰਘ, ਮਨਮੀਤ ਸਿੰਘ, ਸਤਨਾਮ ਸਿੰਘ, ਜੋਸ਼ਨਾ, ਹਰਭਜਨ ਸਿੰਘ, ਹਰਮੇਸ਼ ਸਿੰਘ, ਤੇਜਿੰਦਰ ਸਿੰਘ, ਬਠਿੰਡਾ ਵੀ ਹਾਜ਼ਰ ਸਨ। ਮੀਟਿੰਗ ਵਿੱਚ ਪੁੱਡਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।
ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਪੁੱਡਾ ਵਿੱਚ ਲਾਗੂ ਕਰਨ ਸਬੰਧੀ ਮੁੱਖ ਪ੍ਰਸ਼ਾਸਕ ਵੱਲੋਂ ਮੁੱਖ ਲੇਖਾ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ 15 ਦਿਨਾਂ ਦੇ ਅੰਦਰ-ਅੰਦਰ ਪੈਨਸ਼ਨ ਸਕੀਮ ਨੂੰ ਪੁੱਡਾ ਵਿੱਚ ਲਾਗੂ ਕਰਨ ਬਾਰੇ ਮਿਸਲ ਤਿਆਰ ਕੀਤੀ ਜਾਵੇ ਤਾਂ ਜੋ ਪ੍ਰਵਾਨਗੀ ਲਈ ਮੁੱਖ ਮੰਤਰੀ ਨੂੰ ਭੇਜੀ ਜਾ ਸਕੇ। ਪੁੱਡਾ ਮੁਲਾਜ਼ਮਾਂ ਨੂੰ ਮਕਾਨ ਦੇਣ ਲਈ ਮੁੱਖ ਪ੍ਰਸ਼ਾਸਕ ਨੇ ਮਿਲਖ ਅਫ਼ਸਰ (ਹਾਊਸਿੰਗ) ਨੂੰ ਹਦਾਇਤ ਕੀਤੀ ਕਿ ਹਫ਼ਤੇ ਦੇ ਅੰਦਰ-ਅੰਦਰ ਪੁੱਡਾ ਦੇ ਖਾਲੀ ਪਏ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਮਕਾਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਇਸ ਤੋਂ ਇਲਾਵਾ ਯੋਗਤਾ ਰੱਖਦੇ ਦਰਜਾ ਚਾਰ ਫ਼ੀਲਡ ਕਰਮਚਾਰੀਆਂ ਦੀ ਅਸਾਮੀਆਂ ਦੀ ਰਚਨਾ ਕਰਕੇ ਤਰੱਕੀਆਂ ਦੇਣ ਸਬੰਧੀ ਅਮਲਾ ਅਫ਼ਸਰ ਸ੍ਰੀਮਤੀ ਦਲਬੀਰ ਕੌਰ ਨੂੰ ਹਦਾਇਤ ਕੀਤੀ ਗਈ ਕਿ ਹਫ਼ਤੇ ਦੇ ਅੰਦਰ-ਅੰਦਰ ਮਿਸਲ ਤਿਆਰ ਕਰਕੇ ਭੇਜੀ ਜਾਵੇ ਤਾਂ ਜੋ ਅਥਾਰਟੀ ਦੀ ਮੀਟਿੰਗ ਵਿੱਚ ਪੱਕੀ ਮੋਹਰ ਲਾਈ ਜਾ ਸਕੇ।
ਸੁਪਰਵਾਈਜ਼ਰਾਂ ਨੂੰ ਟੈਕਨੀਕਲ ਸਕੇਲ ਦੇਣ ਬਾਰੇ ਮੁੱਖ ਪ੍ਰਸ਼ਾਸਕ ਨੇ ਮੁੱਖ ਲੇਖਾ ਅਫ਼ਸਰ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਪੀ.ਡਬਲਿਯੂ.ਡੀ. ਤੋਂ ਸੂਚਨਾ ਪ੍ਰਾਪਤ ਕਰਕੇ ਮਿਸਲ ਪੇਸ਼ ਕੀਤੀ ਜਾਵੇ ਤਾਂ ਜੋ ਯੋਗ ਕਰਮਚਾਰੀਆਂ ਨੂੰ ਬਣਦਾ ਲਾਭ ਦਿੱਤਾ ਜਾ ਸਕੇ। ਬਾਕੀ ਮੰਗਾਂ ਜਿਵੇਂ ਕਿ ਸਾਰੇ ਮੁਲਾਜ਼ਮਾਂ ਨੂੰ ਐਕਸ ਗਰੇਸੀਆ ਦੇਣ, ਬਿੱਲ ਕਲਰਕ, ਮੀਟਰ ਰੀਡਰ ਅਤੇ ਲੈਜਰ ਕੀਪਰ ਨੂੰ ਪਦ-ਉੱਨਤ ਕਰਨਾ, ਡੇਲੀਵੇਜ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਸੀਨੀਅਰ ਸਹਾਇਕ (ਲੇਖਾ) ਨੂੰ ਜਲਦੀ ਪੱਦ-ਉੱਨਤ ਕਰਨ ਬਾਰੇ ਵੀ ਭਰੋਸਾ ਦਿੱਤਾ ਗਿਆ।