ਪੁੱਡਾ ਮੁਲਾਜ਼ਮਾਂ ਦੀ ਲੜੀਵਾਰ ਭੁੱਖ-ਹੜਤਾਲ 7ਵੇਂ ਦਿਨ ’ਚ ਦਾਖ਼ਲ

ਸਰਕਾਰ ਨੂੰ 18 ਸਤੰਬਰ ਤੱਕ ਦਾ ਚਿਤਾਵਨੀ ਭਰਿਆ ਅਲਟੀਮੇਟਮ, 19 ਸਤੰਬਰ ਨੂੰ ਉਲੀਕੀ ਜਾਵੇਗੀ ਸੰਘਰਸ਼ ਦੀ ਰੂਪਰੇਖਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਮੁਲਾਜ਼ਮ ਦੀਆਂ ਜਾਇਜ਼ ਮੰਗਾਂ ਨੂੰ ਪੁੱਡਾ ਭਵਨ ਦੇ ਬਾਹਰ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਪੁੱਡਾ ਜਰਨੈਲ ਸਿੰਘ ਅਤੇ ਜਰਨਲ ਸਕੱਤਰ ਸੀਸ਼ਨ ਕੁਮਾਰ ਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਮੰਗਲਵਾਰ ਨੂੰ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਮੁਲਾਜ਼ਮ ਆਗੂ ਹਰਜੀਤ ਸਿੰਘ, ਮੱਖਣ ਸਿੰਘ, ਗੌਰਵ ਕੁਮਾਰ ਅਤੇ ਅਮਰੀਸ਼ ਪਾਲ ਭੁੱਖ ਹੜਤਾਲ ’ਤੇ ਬੈਠੇ। ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਭੁੱਖ ਹੜਤਾਲ ਕੈਂਪਸ ਵਿੱਚ ਮੁਲਾਜ਼ਮਾਂ ਦੀ ਵੱਡੀ ਭੀੜ ਇਕੱਠੀ ਕਰਨ ਤੋਂ ਗੁਰੇਜ਼ ਕੀਤਾ ਗਿਆ।
ਯੂਨੀਅਨ ਦੇ ਐਕਟਿੰਗ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁੱਡਾ ਮੈਨੇਜਮੈਂਟ ਮੁਲਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਹਾਲਾਂਕਿ ਕਾਫੀ ਸਮਾਂ ਪਹਿਲਾਂ ਹੀ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਸਨ ਪ੍ਰੰਤੂ ਪਿਛਲੇ ਲੰਮੇ ਅਰਸੇ ਤੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੀਲਡ ਸਟਾਫ਼ ਦੇ 2012 ਵਿੱਚ ਬਣੇ ਹੋਏ ਡਰਾਫ਼ਟ ਰੂਲਾਂ ਨੂੰ ਲਾਗੂ ਕਰਕੇ ਬਣਦੀਆਂ ਤਰੱਕੀਆਂ ਜਿਵੇਂ ਕਿ ਮਾਲੀ ਨੂੰ ਹੈੱਡ ਮਾਲੀ, ਮਾਲੀ-ਕਮ-ਚੌਕੀਦਾਰ ਨੂੰ ਸੁਪਰਵਾਈਜ਼ਰ, ਪੰਪ ਅਪਰੇਟਰ, ਮੀਟਰ ਰੀਡਰ ਵਿੱਚ ਬਣਦੀ ਤਰੱਕੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਕਟਰਾਂ ਵਿੱਚ ਖਾਲੀ ਪਏ ਮਕਾਨਾਂ ਨੂੰ ਪੁੱਡਾ ਦੇ ਮੁਲਾਜ਼ਮਾਂ ਨੂੰ ਅਲਾਟ ਕੀਤੇ ਜਾਣ। 54 ਮੁਲਾਜ਼ਮਾਂ ਨੂੰ 4-9-14 ਸਾਲਾ ਪ੍ਰਵੀਨਤਾ ਤਰੱਕੀ ਦੇਣਾ, ਲੈਜਰ ਕੀਪਰ, ਮੀਟਰ ਰੀਡਰ ਨੂੰ ਰੈਗੂਲਰ ਮਿਤੀ ਤੋਂ ਪੱਦ-ਉਨਤ ਕਰਨਾ ਮੰਗਾਂ ’ਤੇ ਗੌਰ ਕੀਤੀ ਜਾਵੇ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁੱਡਾ ਮੈਨੇਜਮੈਂਟ ਨੂੰ 18 ਸਤੰਬਰ ਤੱਕ ਦਾ ਚਿਤਾਵਨੀ ਭਰਿਆ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਦੌਰਾਨ ਪੁੱਡਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ 19 ਸਤੰਬਰ ਨੂੰ ਮੀਟਿੰਗ ਕਰਕੇ ਵੱਡੇ ਪੱਧਰ ’ਤੇ ਸ਼ੁਰੂ ਕੀਤੇ ਜਾਣ ਵਾਲੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਪੁੱਡਾ ਮੈਨੇਜਮੈਂਟ ਅਤੇ ਰਾਜ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਸ ਮੌਕੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਧਨੋਆ, ਕਿਸ਼ਨ ਪਾਲ, ਰਾਮ ਪਾਲ ਪਟਿਆਲਾ, ਗੁਰਦੇਵ ਸਿੰਘ, ਪਾਲ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਸਰਕਾਰੀ ਕੰਨਿਆਂ ਸਕੂਲ ਸੋਹਾਣਾ ਦਾ ਨਤੀਜਾ ਸ਼ਾਨਦਾਰ, ਵਿਦਿਆਰਥੀਆਂ ਦਾ ਸਨਮਾਨ

ਸਰਕਾਰੀ ਕੰਨਿਆਂ ਸਕੂਲ ਸੋਹਾਣਾ ਦਾ ਨਤੀਜਾ ਸ਼ਾਨਦਾਰ, ਵਿਦਿਆਰਥੀਆਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 16 ਮਈ:…