
ਪੁੱਡਾ ਮੁਲਾਜ਼ਮਾਂ ਦੀ ਲੜੀਵਾਰ ਭੁੱਖ-ਹੜਤਾਲ 13ਵੇਂ ਦਿਨ ’ਚ ਦਾਖ਼ਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਮੁਲਾਜ਼ਮ ਦੀਆਂ ਜਾਇਜ਼ ਮੰਗਾਂ ਨੂੰ ਪੁੱਡਾ ਭਵਨ ਦੇ ਬਾਹਰ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਪੁੱਡਾ ਜਰਨੈਲ ਸਿੰਘ ਅਤੇ ਜਰਨਲ ਸਕੱਤਰ ਸੀਸ਼ਨ ਕੁਮਾਰ ਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਸੋਮਵਾਰ ਨੂੰ 13ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਮੁਲਾਜ਼ਮ ਆਗੂ ਗੁਰਦੀਪ ਸਿੰਘ ਲੁਧਿਆਣਾ ਜ਼ੋਨ, ਹਰਨੇਕ ਸਿੰਘ, ਰਾਜ ਕੁਮਾਰ ਅਤੇ ਅਮਰੀਸ਼ ਪਾਲ ਭੁੱਖ ਹੜਤਾਲ ’ਤੇ ਬੈਠੇ। ਕੋਵਿਡ-19 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਭੁੱਖ ਹੜਤਾਲ ਕੈਂਪਸ ਵਿੱਚ ਮੁਲਾਜ਼ਮਾਂ ਦੀ ਵੱਡੀ ਭੀੜ ਇਕੱਠੀ ਕਰਨ ਤੋਂ ਗੁਰੇਜ਼ ਕੀਤਾ ਗਿਆ।
ਯੂਨੀਅਨ ਦੇ ਐਕਟਿੰਗ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁੱਡਾ ਮੈਨੇਜਮੈਂਟ ਮੁਲਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਹਾਲਾਂਕਿ ਕਾਫੀ ਸਮਾਂ ਪਹਿਲਾਂ ਹੀ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਸਨ ਪ੍ਰੰਤੂ ਪਿਛਲੇ ਲੰਮੇ ਅਰਸੇ ਤੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੀਲਡ ਸਟਾਫ਼ ਦੇ 2012 ਵਿੱਚ ਬਣੇ ਹੋਏ ਡਰਾਫ਼ਟ ਰੂਲਾਂ ਨੂੰ ਲਾਗੂ ਕਰਕੇ ਬਣਦੀਆਂ ਤਰੱਕੀਆਂ ਜਿਵੇਂ ਕਿ ਮਾਲੀ ਨੂੰ ਹੈੱਡ ਮਾਲੀ, ਮਾਲੀ-ਕਮ-ਚੌਕੀਦਾਰ ਨੂੰ ਸੁਪਰਵਾਈਜ਼ਰ, ਪੰਪ ਅਪਰੇਟਰ, ਮੀਟਰ ਰੀਡਰ ਵਿੱਚ ਬਣਦੀ ਤਰੱਕੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਕਟਰਾਂ ਵਿੱਚ ਖਾਲੀ ਪਏ ਮਕਾਨਾਂ ਨੂੰ ਪੁੱਡਾ ਦੇ ਮੁਲਾਜ਼ਮਾਂ ਨੂੰ ਅਲਾਟ ਕੀਤੇ ਜਾਣ। 54 ਮੁਲਾਜ਼ਮਾਂ ਨੂੰ 4-9-14 ਸਾਲਾ ਪ੍ਰਵੀਨਤਾ ਤਰੱਕੀ ਦੇਣਾ, ਲੈਜਰ ਕੀਪਰ, ਮੀਟਰ ਰੀਡਰ ਨੂੰ ਰੈਗੂਲਰ ਮਿਤੀ ਤੋਂ ਪੱਦ-ਉਨਤ ਕਰਨਾ ਮੰਗਾਂ ’ਤੇ ਗੌਰ ਕੀਤੀ ਜਾਵੇ। ਇਸ ਮੌਕੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਧਨੋਆ, ਕਿਸ਼ਨ ਪਾਲ, ਰਾਮ ਪਾਲ ਪਟਿਆਲਾ, ਗੁਰਦੇਵ ਸਿੰਘ, ਪਾਲ ਸਿੰਘ ਵੀ ਹਾਜ਼ਰ ਸਨ।