
ਡੈਪੂਟੇਸ਼ਨ ਨੀਤੀ ਖ਼ਿਲਾਫ਼ ਪੁੱਡਾ ਦੇ ਇੰਜੀਨੀਅਰ ਸੜਕਾਂ ’ਤੇ ਉਤਰੇ, ਡੈਪੂਟੇਸ਼ਨ ਦਾ ਪੁਤਲਾ ਸਾੜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਪੁੱਡਾ ਦੇ ਇੰਜੀਨੀਅਰਾਂ ਵੱਲੋਂ ਡੈਪੂਟੇਸ਼ਨ ਵਿਰੁੱਧ ਸੰਘਰਸ਼ ਵਿੱਢਣ ਲਈ ਗਠਿਤ ਕੀਤੇ ਗਏ ਡੈਪੂਟੇਸ਼ਨ ਵਿਰੋਧੀ ਫਰੰਟ ਦੇ ਸੱਦੇ ’ਤੇ ਪੁੱਡਾ ਦੇ ਸਮੂਹ ਇੰਜੀਨੀਅਰਾਂ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਅਤੇ ਪੁੱਡਾ ਮੈਨੇਜਮੈਂਟ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਡੈਪੂਟੇਸ਼ਨ ਨੀਤੀ ਦਾ ਪੁਤਲਾ ਸਾੜਿਆ। ਇਸ ਮੌਕੇ ਡੈਪੂਟੇਸ਼ਨ ਵਿਰੋਧੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੁੱਡਾ ਪ੍ਰਸ਼ਾਸਨ ਵੱਲੋਂ ਡੈਪੂਟੇਸ਼ਨ ’ਤੇ ਆਏ ਇੰਜੀਨੀਅਰਾਂ ਨੂੰ ਜਲਦੀ ਵਾਪਸ ਨਹੀਂ ਭੇਜਿਆ ਗਿਆ ਤਾਂ ਇੰਜੀਨੀਅਰ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨ ਅਤੇ ਇਨਸਾਫ਼ ਪ੍ਰਾਪਤੀ ਲਈ ਆਰਪਾਰ ਦੀ ਲੜਾਈ ਲੜਨ ਲਈ ਠੋਸ ਕਦਮ ਚੁੱਕੇ ਜਾਣਗੇ।
ਇਸ ਮੌਕੇ ਮਨਦੀਪ ਸਿੰਘ ਲਾਚੋਵਾਲ, ਨਵੀਨ ਕੰਬੋਜ, ਅਨਮੋਲ ਸਿੰਘ ਸਮਰਾ, ਪ੍ਰੀਤਪਾਲ ਸਿੰਘ, ਰਣਦੀਪ ਸਿੰਘ, ਹੇਮੰਤ ਸਿੰਗਲਾ, ਜਰਮਨਜੋਤ ਸਿੰਘ ਅਤੇ ਹਰਮਨਦੀਪ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਸਗੋਂ ਡੈਪੂਟੇਸ਼ਨ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਡੈਪੂਟੇਸ਼ਨ ’ਤੇ ਆਉਣ ਵਾਲੇ ਇੰਜੀਨੀਅਰਾਂ ਵੱਲੋਂ ਪੁੱਡਾ/ਗਮਾਡਾ ਵਿੱਚ ਜੋ ਵੀ ਬੇਨਿਯਮੀਆਂ ਕੀਤੀਆਂ ਹਨ ਅਤੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦਿੱਤਾ ਗਿਆ ਹੈ, ਉਸ ਦਾ ਖ਼ਮਿਆਜ਼ਾ ਹੁਣ ਤੱਕ ਪੁੱਡਾ ਦੇ ਮੂਲ ਇੰਜੀਨੀਅਰਾਂ ਨੂੰ ਭੁਗਤਨਾ ਪਿਆ ਅਤੇ ਅਦਾਰੇ ਦੀ ਵੀ ਕਾਫੀ ਬਦਨਾਮੀ ਹੋਣੀ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਵੀ ਪਿਛਲੀ ਗਲਤੀ ਨੂੰ ਮੁੜ ਦੁਹਰਾਇਆ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਪੁੱਡਾ ਦੇ ਮੂਲ ਇੰਜੀਨੀਅਰ ਤਜਰਬੇ ਦੀਆਂ ਉਹ ਸਾਰੀਆਂ ਯੋਗਤਾਵਾਂ ਪੂਰੀਆ ਕਰਦੇ ਹਨ ਜੋ ਕਿ ਹੋਰਨਾਂ ਵਿਭਾਗਾਂ ਤੋਂ ਆਉਣ ਵਾਲੇ ਇੰਜੀਨੀਅਰਾਂ ਤੋਂ ਪੁੱਡਾ ਵੱਲੋਂ ਮੰਗੀਆਂ ਗਈਆਂ ਸਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਪੁੱਡਾ ਦੇ ਮੂਲ ਇੰਜੀਨੀਅਰਾਂ ਨਾਲ ਵਿਤਕਰਾ ਕਰਦੇ ਹੋਏ ਹੋਰਨਾਂ ਵਿਭਾਗਾਂ ਦੇ ਬਰਾਬਰ ਯੋਗਤਾ ਰੱਖਦੇ ਇੰਜੀਨੀਅਰਾਂ ਨੂੰ ਪੁੱਡਾ ਦੇ ਮੂਲ ਇੰਜੀਨੀਅਰਾਂ ਦੇ ਉੱਪਰ ਤਾਇਨਾਤ ਕਰ ਦਿੱਤਾ ਹੈ। ਜਿਸ ਨਾਲ ਪੁੱਡਾ ਦੇ ਇੰਜੀਨੀਅਰਾਂ ਦੇ ਮਨੋਬਲ ਨੂੰ ਭਾਰੀ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਮੰਤਰੀ ਅਤੇ ਪ੍ਰਮੁੱਖ ਸਕੱਤਰ ਨਾਲ ਮੀਟਿੰਗਾਂ ਕਰ ਕੇ ਡੈਪੂਟੇਸ਼ਨ ਵਿਰੁੱਧ ਆਵਾਜ਼ ਚੁੱਕੀ ਜਾਂਦੀ ਰਹੀ ਹੈ ਪਰ ਹੁਣ ਤੱਕ ਇਸ ਦਾ ਕੋਈ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ। ਜਿਸ ਕਾਰਨ ਪੁੱਡਾ ਇੰਜੀਨੀਅਰਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਅਨੁਜ ਸਹਿਗਲ, ਬਲਜਿੰਦਰ ਸਿੰਘ, ਪੰਕਜ ਮਹਿੰਮੀ, ਪਰਮਿੰਦਰ ਸਿੰਘ, ਵਰੁਣ ਗਰਗ, ਗੁਰਜੀਤ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਮਠਾੜੂ, ਵਰਿੰਦਰ ਸ਼ਰਮਾ, ਅਕਾਸ਼ਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਕਤੀ ਗਰਗ, ਰਾਹੁਲ ਗੁਪਤਾ, ਵਿਜੈਪਾਲ ਗਿੱਲ, ਰਜਿੰਦਰਪਾਲ ਸਿੰਘ, ਗੁਰਿੰਦਰਪਾਲ ਸਿੰਘ, ਦੀਪਕ ਕੁਮਾਰ, ਸਿਮਰਜੀਤ ਸਿੰਘ, ਰਵਿੰਦਰ ਗਰਗ, ਹਿਮਾਂਸ਼ੂ ਸੰਧੂ, ਰਵਿੰਦਰ ਕੁਮਾਰ, ਅਵਤਾਰ ਸਿੰਘ, ਕਿਰਪਾਲ ਸਿੰਘ, ਦਿਲਦਾਰ ਰਾਣਾ, ਕਾਰਤਿਕ ਬਾਂਸਲ, ਅਵਦੀਪ ਸਿੰਘ, ਪਰਵਿੰਦਰ ਸਿੰਘ, ਲਵਿਸ਼, ਅਕਸ਼ੇ ਗੋਇਲ, ਅਰਸ਼ਦੀਪ ਸਿੰਘ, ਵਰੁਣ, ਪਰਮਵੀਰ ਸਿੰਘ, ਖੁਸ਼ਪ੍ਰੀਤ ਸਿੰਘ, ਮਨੀਸ਼ ਕੁਮਾਰ, ਅੰਕਿਤ ਵਰਮਾ (ਸਾਰੇ ਇੰਜੀਨੀਅਰ) ਮੌਜੂਦ ਸਨ।