
ਪੁੱਡਾ ਵੱਲੋਂ ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ ਲਾਗੂ
ਨਵੀਂ ਵਿਧੀ ਨਾਲ ਸਟੇਕਹੋਲਡਰਾਂ ਨੂੰ ਜਾਣੂ ਕਰਵਾਉਣ ਲਈ ਦੋ ਰੋਜ਼ਾ ਵਰਕਸ਼ਾਪ ਅੱਜ ਤੋਂ
ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ:
ਵਿਭਾਗੀ ਕੰਮਕਾਜ ਵਿੱਚ ਵਧੇਰੇ ਕੁਸ਼ਲਤਾ, ਪਾਰਦਰਸ਼ਤਾ ਲਿਆਉਣ ਅਤੇ ਨਾਗਰਿਕਾਂ ਅਤੇ ਹੋਰ ਸਟੇਕਹੋਲਡਰਾਂ ਨੂੰ ਬਿਨਾਂ ਰੁਕਾਵਟ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਨੇ ਆਪਣੇ ਅਧੀਨ ਕੰਮ ਕਰ ਰਹੀਆਂ ਸਾਰੀਆਂ ਵਿਕਾਸ ਅਥਾਰਟੀਆਂ ਵਿੱਚ ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ ਲਾਗੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਪੁੱਡਾ ਦੇ ਬੁਲਾਰੇ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਨਵੀਂ ਸ਼ੁਰੂ ਕੀਤੀ ਗਈ ਪ੍ਰਣਾਲੀ ਤਹਿਤ, ਨਾਗਰਿਕਾਂ ਅਤੇ ਆਰਕੀਟੈਕਟਾਂ ਵੱਲੋਂ https://puda.gov.in ਪੋਰਟਲ ’ਤੇ ਜਾ ਕੇ ਵੱਖ-ਵੱਖ ਪ੍ਰਾਪਰਟੀਆਂ ਜਿਵੇਂ ਕਿ ਰਿਹਾਇਸ਼ੀ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੇ ਨਕਸ਼ੇ ਅਤੇ ਡਰਾਇੰਗ ਆਨਲਾਈਨ ਜਮ੍ਹਾਂ ਕਰਵਾਏ ਜਾਣਗੇ। ਅਰਜ਼ੀ ਜਮ੍ਹਾਂ ਕਰਨ ਅਤੇ ਚੈੱਕ ਕਰਨ ਤੋਂ ਬਾਅਦ ਬਿਨੈਕਾਰਾਂ ਨੂੰ ਆਨਲਾਈਨ ਮੋਡ ਵਿੱਚ ਹੀ ਲੋੜੀਂਦੀਆਂ ਪ੍ਰਵਾਨਗੀਆਂ ਦਿੱਤੀਆਂ ਜਾਣਗੀਆਂ।
ਇਹ ਪ੍ਰਣਾਲੀ ਜਿੱਥੇ ਸੇਵਾਵਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਏਗੀ, ਉੱਥੇ ਪਾਰਦਰਸ਼ਤਾ ਨੂੰ ਵੀ ਪੂਰੀ ਤਰ੍ਹਾਂ ਯਕੀਨੀ ਬਣਾਏਗੀ। ਨਾਗਰਿਕਾਂ ਅਤੇ ਸਟੇਕਹੋਲਡਰਾਂ ਜਿਵੇਂ ਕਿ ਆਰਕੀਟੈਕਟਾਂ, ਇੰਜੀਨੀਅਰਾਂ ਦਾ ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ, ਕਿਉਂਜੋ ਉਨ੍ਹਾਂ ਨੂੰ ਬਿਲਡਿੰਗ ਪਲਾਨ ਜਮ੍ਹਾ ਕਰਵਾਉਣ ਲਈ ਵਿਕਾਸ ਅਥਾਰਟੀਆਂ ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਪ੍ਰਣਾਲੀ ਤਹਿਤ ਸੈਲਫ ਸਰਟੀਫ਼ਿਕੇਸ਼ਨ ਸਕੀਮ ਤਹਿਤ ਅਥਾਰਿਟੀਆਂ ਨਾਲ ਸੂਚੀਬੱਧ ਆਰਕੀਟੈਕਟਾਂ ਵੱਲੋਂ ਪਾਸ ਕੀਤੇ ਗਏ ਨਕਸ਼ੇ ਵੀ ਪੋਰਟਲ ਰਾਹੀਂ ਜਮ੍ਹਾਂ ਅਤੇ ਜਾਂਚੇ ਜਾਣਗੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਫਲਾਈਨ ਤੋਂ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਆਰਕੀਟੈਕਟਾਂ ਅਤੇ ਇੰਜੀਨੀਅਰਾਂ ਨੂੰ ਇਸ ਪ੍ਰਕਿਰਿਆ ਨਾਲ ਜਾਣੂ ਕਰਵਾਉਣ ਲਈ ਭਲਕੇ 23 ਅਤੇ 24 ਅਪਰੈਲ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਅਤੇ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਤੱਕ ਪੁੱਡਾ ਭਵਨ ਸੈਕਟਰ-62, (ਮੁਹਾਲੀ) ਵਿਖੇ ਹਾਈਬ੍ਰਿਡ ਮੋਡ (ਆਫਲਾਈਨ ਅਤੇ ਆਨਲਾਈਨ) ਵਿੱਚ ਲਗਾਈ ਜਾ ਰਹੀ ਹੈ। ਵਰਕਸ਼ਾਪ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਸ਼ਡਿਊਲ ਅਨੁਸਾਰ ਦਫ਼ਤਰ ਆ ਸਕਦੇ ਹਨ ਜਾਂ +917827552999 ’ਤੇ ਵਟਸਐਪ ਰਾਹੀਂ ਅਪੀਲ ਭੇਜ ਕੇ ਲਿੰਕ ਪ੍ਰਾਪਤ ਕਰਕੇ ਆਨਲਾਈਨ ਵਿਧੀ ਰਾਹੀਂ ਸ਼ਾਮਲ ਹੋ ਸਕਦੇ ਹਨ। ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ ਨਾਲ ਸਟਾਫ਼ ਨੂੰ ਜਾਣੂ ਕਰਵਾਉਣ ਲਈ ਜਲਦੀ ਹੀ ਇੱਕ ਵੱਖਰੀ ਸਿਖਲਾਈ ਦੇਣ ਦਾ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ।