
‘ਪੁੱਡਾ ਜੂਨੀਅਰ ਇੰਜੀਨੀਅਰਜ਼ ਪੰਜਾਬ’ ਨਵੀਂ ਜਥੇਬੰਦੀ ਦਾ ਗਠਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਇੱਥੋਂ ਦੇ ਪੁੱਡਾ ਭਵਨ ਵਿਖੇ ਤਾਇਨਾਤ ਸਮੂਹ ਜੂਨੀਅਰ ਇੰਜੀਨੀਅਰਜ਼ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਵੱਖ-ਵੱਖ ਵਿੰਗਾਂ ਦੇ ਸਾਰੇ ਜੂਨੀਅਰ ਇੰਜੀਨੀਅਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਜੇਈਜ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਹਾਜ਼ਰ ਸਮੂਹ ਜੇਈਜ਼ ਵੱਲੋਂ ਸਰਬਸੰਮਤੀ ਨਾਲ ਫੈਸਲਾ ਲੈਦੇ ਹੋਏ ‘ਪੁੱਡਾ ਜੂਨੀਅਰ ਇੰਜੀਨੀਅਰਜ਼ ਪੰਜਾਬ’ ਦੇ ਨਾਂ ਦੀ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ। ਰਜਿੰਦਰਪਾਲ ਸਿੰਘ ਬਾਬਾ, ਮਨਪ੍ਰੀਤ ਸਿੰਘ, ਜਰਮਨਜੋਤ ਸਿੰਘ, ਵਿਜੈਪਾਲ ਗਿੱਲ, ਅਕਸ਼ੈ ਗੋਇਲ, ਲਲਨ ਕੁਮਾਰ ਅਤੇ ਮੁਕੇਸ਼ ਕੁਮਾਰ ਨੂੰ ਜਥੇਬੰਦੀ ਦੇ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਮੀਟਿੰਗ ਵਿੱਚ ਸਮੂਹ ਜੇਈਜ ਨੇ ਇੱਕ ਮੱਤ ਹੋ ਕੇ ਡੈਪੂਟੇਸ਼ਨ ਵਿਰੁੱਧ ਲਾਮਬੰਦੀ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਪੁੱਡਾ ਪ੍ਰਸ਼ਾਸਨ ਵੱਲੋਂ ਇੰਜੀਨੀਅਰਿੰਗ ਕਾਡਰ ਵਿੱਚ ਕੀਤੀ ਜਾ ਰਹੀ ਪੂਨਰ ਗਠਨ ਦੀ ਪ੍ਰਕਿਰਿਆ ਦਾ ਵੀ ਵਿਰੋਧ ਕੀਤਾ। ਕਿੳਂੁ ਜੋ ਪੁੱਡਾ ਵੱਲੋਂ ਕੀਤੀ ਜਾ ਰਹੀ ਇਸ ਪ੍ਰਕਿਰਿਆ ਵਿੱਚ ਜੇਈਜ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕਰਕੇ ਪੱਦ ਉੱਨਤੀ ਦੀਆਂ ਅਸਾਮੀਆਂ (ਉਪ ਮੰਡਲ ਇੰਜੀਨੀਅਰ, ਮੰਡਲ ਇੰਜੀਨੀਅਰ, ਨਿਗਰਾਨ ਇੰਜੀਨੀਅਰ ਅਤੇ ਮੁੱਖ ਇੰਜੀਨੀਅਰ) ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਤੇ ਕੰਮਾਂ ਦੀ ਬਹੁਤਾਤ ਨੂੰ ਅੱਖੋ ਪਰੋਖੇ ਕਰਕੇ ਇੰਜੀਨੀਅਰਿੰਗ ਕਾਡਰ ਦੀ ਰਿਸਟਰਕਚਰਿੰਗ ਕਾਰਨ ਜਿੱਥੇ ਜੇਈਜ ਦਾ ਪਦਉਨਤ ਹੋਣ ਦਾ ਰਾਹ ਬੰਦ ਹੋ ਗਿਆ ਹੈ, ਉੱਥੇ ਇਸ ਨਾਲ ਇੰਜੀਨੀਅਰਜ਼ ਦਾ ਆਉਣ ਵਾਲਾ ਭਵਿੱਖ ਵੀ ਧੁੰਦਲਾ ਹੋਣ ਦਾ ਖ਼ਦਸ਼ਾ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਅਗਲੀ ਮੀਟਿੰਗ ਜਲਦੀ ਸੱਦੀ ਜਾਵੇਗੀ। ਜਿਸ ਵਿੱਚ ਪੰਜਾਬ ਭਰ ਵਿੱਚ ਪੁੱਡਾ ਅਥਾਰਟੀਆਂ ਵਿੱਚ ਤਾਇਨਾਤ ਸਮੂਹ ਜੂਨੀਅਰ ਇੰਜੀਨੀਅਰ ਸ਼ਾਮਲ ਹੋਣਗੇ।