ਪੁੱਡਾ ਸਾਂਝਾ ਮੁਲਾਜ਼ਮ ਮੰਚ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ, ਮੰਤਰੀ ਨਾਲ ਕੀਤੀ ਮੀਟਿੰਗ

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਪੁੱਡਾ ਮੁਲਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਪੁੱਡਾ ਸਾਂਝਾ ਮੁਲਾਜ਼ਮ ਮੰਚ ਨੇ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਪੁੱਡਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਲੰਮੀ ਵਿਚਾਰ-ਚਰਚਾ ਕੀਤੀ। ਮੰਤਰੀ ਨੇ ਮੌਕੇ ’ਤੇ ਹੀ ਉੱਚ ਅਧਿਕਾਰੀਆਂ ਨੂੰ ਯੋਗ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਸਾਂਝਾ ਮੁਲਾਜ਼ਮ ਮੰਚ ਦੇ ਪ੍ਰਧਾਨ ਚਰਨਜੀਤ ਕੌਰ ਅਤੇ ਚੇਅਰਮੈਨ ਮਹਿੰਦਰ ਸਿੰਘ ਮਲੋਆ ਨੇ ਪੁੱਡਾ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਪੁਰਜ਼ੋਰ ਮੰਗ ਕੀਤੀ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਵਿਪਿਨ ਜੇਠੀ ਅਤੇ ਮਮਤਾ ਸ਼ਰਮਾ ਨੇ ਸਾਲ 1995 ਵਿੱਚ ਪੁੱਡਾ ਵੱਲੋਂ ਪ੍ਰਵਾਨ ਹੋਈ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਕੈਬਨਿਟ ਮੰਤਰੀ ਅਤੇ ਪ੍ਰਮੁੱਖ ਸਕੱਤਰ ਹਾਊਸਿੰਗ ਨੂੰ ਵਿਸਥਾਰ ਵਿੱਚ ਜਾਣੂ ਕਰਵਾਇਆ। ਮੀਟਿੰਗ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸਾਂਝਾ ਮੁਲਾਜ਼ਮ ਮੰਚ ਪੁੱਡਾ ਦੀ ਪੈਨਸ਼ਨ ਸਬੰਧੀ ਮੰਗ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਕਈ ਵਰ੍ਹਿਆਂ ਤੋਂ ਲਟਕ ਰਹੀ ਇਸ ਮੰਗ ਦਾ ਨਿਪਟਾਰਾ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਸਬੰਧੀ ਮੰਤਰੀ ਨੇ ਮੌਕੇ ਤੇ ਹੀ ਪ੍ਰਮੁੱਖ ਸਕੱਤਰ ਹਾਊਸਿੰਗ ਨੂੰ ਮੁਲਾਜ਼ਮਾਂ ਦੀ ਇਸ ਜਾਇਜ਼ ਮੰਗ ਨੂੰ ਲਾਗੂ ਕਰਨ ਸਬੰਧੀ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਣ ਲਈ ਕਿਹਾ।
ਯੂਨੀਅਨ ਆਗੂ ਮੁਕੇਸ਼ ਕੁਮਾਰ ਨੇ ਮੁਲਾਜ਼ਮਾਂ ਦਾ ਮਕਾਨ ਭੱਤਾ ਮੁੜ ਲਾਗੂ ਕਰਨ ਦੀ ਮੰਗ ਕੀਤੀ। ਜਿਸ ਨੂੰ ਮੌਕੇ ’ਤੇ ਹੀ ਪ੍ਰਵਾਨ ਕਰਦੇ ਹੋਏ ਪ੍ਰਮੁੱਖ ਸਕੱਤਰ ਨੇ ਅਥਾਰਟੀ ਦੀ ਆਗਾਮੀ ਮੀਟਿੰਗ ਵਿੱਚ ਇਸ ਸਬੰਧੀ ਏਜੰਡਾ ਭੇਜਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ। ਮੰਚ ਦੀ ਰੀਸਟਕਚਰਿੰਗ ਸਬੰਧੀ ਮੰਗ ’ਤੇ ਵੀ ਪ੍ਰਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਪੁੱਡਾ ਦੀ ਰੀਸਟਕਚਰਿੰਗ ਨੂੰ ਪੰਜਾਬ ਪੀ.ਡਬਲਿਊ.ਡੀ (ਬੀ ਐਂਡ ਆਰ) ਦੀ ਤਰਜ਼ ’ਤੇ ਰਿਵਿਊ ਕਰਨ ਦੀ ਹਦਾਇਤ ਕੀਤੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਸਬੰਧੀ ਕੈਬਨਿਟ ਮੰਤਰੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਸਬੰਧੀ ਨੀਤੀ ਬਣਾ ਰਹੀ ਹੈ ਅਤੇ ਜਲਦ ਹੀ ਪੰਜਾਬ ਦੇ ਸਾਰੇ ਡੇਲੀਵੇਜ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।

ਮੀਟਿੰਗ ਵਿੱਚ ਮੁਲਾਜ਼ਮਾਂ ਨੇ ਪਲਾਟਾਂ ਦੇ ਕੱਢੇ ਡਰਾਅ ਵਿੱਚ ਪੁੱਡਾ ਐਂਪਲਾਈਜ਼ ਦਾ ਕੋਟਾ ਵਧਾਉਣ ਦੀ ਕੀਤੀ ਗਈ, ਇਹ ਮੰਗ ਵੀ ਪ੍ਰਵਾਨ ਕਰਦੇ ਹੋਏ ਕੈਬਨਿਟ ਮੰਤਰੀ ਅਤੇ ਪ੍ਰਮੁੱਖ ਸਕੱਤਰ ਨੇ ਇਸ ਸਬੰਧੀ ਜਲਦ ਨਵੀਂ ਨੀਤੀ ਬਣਾਉਣ ਦਾ ਭਰੋਸਾ ਦਿੱਤਾ। ਮੀਟਿੰਗ ਬਹੁਤ ਹੀ ਸੁਖਾਵੇਂ ਅਤੇ ਹਾਂ ਪੱਖੀ ਹੁੰਗਾਰੇ ਨਾਲ ਸਮਾਪਤ ਹੋਈ। ਅੰਤ ਵਿੱਚ ਮੁਲਾਜ਼ਮ ਜਥੇਬੰਦੀ ਦੀ ਪ੍ਰਧਾਨ ਚਰਨਜੀਤ ਕੌਰ ਨੇ ਮੰਗਾਂ ਨੂੰ ਜਲਦੀ ਅਮਲੀ ਜਾਮਾ ਪਹਿਨਾਉਣ ਦੀ ਅਪੀਲ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰੇ ਲਈ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਪ੍ਰਗਟ ਸਿੰਘ, ਇੰਜੀਨੀਅਰ ਮਨਪ੍ਰੀਤ ਸਿੰਘ, ਬਲਵੀਰ ਮਸੀਹ, ਬਾਵਾ ਸਿੰਘ, ਸ਼ਮਸ਼ੇਰ ਸਿੰਘ, ਰਾਕੇਸ਼ ਸਿੰਘ ਵੀ ਮੌਜੂਦ ਸਨ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…