
ਪੁੱਡਾ ਛੇਤੀ ਸ਼ੁਰੂ ਕਰੇਗਾ ਗੇਟਵੇਅ ਸਿਟੀ ਮੁਹਾਲੀ ਦਾ ਵਿਕਾਸ
ਅਲਾਟੀਆਂ ਨੂੰ ਬੁਨਿਆਦੀ ਸਹੂਲਤਾਂ ਮਿਲਣ ਦੀ ਆਸ ਬੱਝੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ ਗੇਟਵੇਅ ਸਿਟੀ ਮੁਹਾਲੀ ਦੇ ਸੈਕਟਰ-118 ਅਤੇ 119 ਵਿੱਚ ਰਹਿੰਦੇ ਵਿਕਾਸ ਕਾਰਜ ਛੇਤੀ ਸ਼ੁਰੂ ਕੀਤੇ ਜਾਣਗੇ ਅਤੇ ਪ੍ਰਾਜੈਕਟ ਦੇ ਅਲਾਟੀਆਂ/ਵਸਨੀਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਅਤੇ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਦੀ ਟਰਾਂਸਫ਼ਰ ਅਤੇ ਪ੍ਰਾਜੈਕਟ ਵਿੱਚ ਪੈਂਦੇ ਰੈਵੀਨਿਊ ਰਸਤਿਆਂ ਦੀ ਕੀਮਤ ਫਿਕਸ ਨਾ ਹੋਣ ਕਾਰਨ ਵਿਕਾਸ ਦੇ ਇਹ ਕੰਮ ਅੱਧ ਵਿਚਾਲੇ ਲਮਕ ਰਹੇ ਸਨ।
ਪੁੱਡਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਜੈਕਟ ਦੇ ਅਲਾਟੀਆਂ/ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁੱਡਾ ਵੱਲੋਂ ਇਹ ਮੁੱਦਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਨ੍ਹਾਂ ਵੱਲੋਂ ਪੰਚਾਇਤੀ ਜ਼ਮੀਨ ਪੁੱਡਾ ਨੂੰ ਟਰਾਂਸਫ਼ਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਰੈਵੀਨਿਊ ਰਸਤਿਆਂ ਦੇ ਫਿਕਸ ਕੀਤੇ ਰੇਟਾਂ ਸਬੰਧੀ ਵੀ ਸੂਚਿਤ ਕਰ ਦਿੱਤਾ ਹੈ। ਪੁੱਡਾ ਨੇ ਇਹ ਵੀ ਖੁਲਾਸਾ ਕੀਤਾ ਕਿ ਗੇਟਵੇਅ ਸਿਟੀ ਵਿੱਚ ਪੈਂਦੀ ਰੈਵੀਨਿਊ ਜ਼ਮੀਨ ਦੀ ਟਰਾਂਸਫ਼ਰ ਨਾ ਹੋਣਾ ਪ੍ਰਾਜੈਕਟ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਰੁਕਾਵਟ ਬਣ ਰਿਹਾ ਸੀ। ਕਿਉਂ ਜੋ ਰੈਵੀਨਿਊ ਜ਼ਮੀਨ ਪੁੱਡਾ ਨੂੰ ਟਰਾਂਸਫ਼ਰ ਕਰਨ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ਹੈ ਅਤੇ ਰੈਵੀਨਿਊ ਰਸਤਿਆਂ ਦੇ ਰੇਟਾਂ ਨੂੰ ਫਿਕਸ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁੱਡਾ ਦੇ ਭੌਂ ਪ੍ਰਾਪਤੀ ਦਫ਼ਤਰ ਵੱਲੋਂ ਬਲੌਂਗੀ ਪੰਚਾਇਤ ਨੂੰ ਰੈਵੀਨਿਊ ਰਸਤਿਆਂ ਅਧੀਨ ਪੈਂਦੀ ਜ਼ਮੀਨ ਦੀ ਬਣਦੀ ਰਾਸ਼ੀ ਦੀ ਅਦਾਇਗੀ ਕਰਦੇ ਹੋਏ ਜ਼ਮੀਨ ਕਲੀਅਰ ਕਰਵਾ ਲਈ ਜਾਵੇਗੀ ਜੋ ਕਿ ਉਸ ਉਪਰੰਤ ਪੁੱਡਾ ਦੇ ਇੰਜੀਨੀਅਰਿੰਗ ਵਿੰਗ ਨੂੰ ਪ੍ਰਾਜੈਕਟ ਵਿੱਚ ਬਚਦੀਆਂ ਸੇਵਾਵਾਂ ਮੁਕੰਮਲ ਕਰਨ ਲਈ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਜ਼ਮੀਨ ਕਲੀਅਰ ਹੋਣ ਉਪਰੰਤ ਇੰਜੀਨੀਅਰਿੰਗ ਵਿੰਗ ਨੂੰ ਸੌਂਪੀ ਜਾਵੇਗੀ, ਰਹਿੰਦੀਆਂ ਸੇਵਾਵਾਂ ਤਰਜੀਹੀ ਆਧਾਰ ਤੇ ਮੁਹੱਈਆ ਕਰਵਾਉਣ ਲਈ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ, ਜਿਸ ਨਾਲ ਕਿ ਪ੍ਰਾਜੈਕਟ ਦੇ ਵਸਨੀਕਾਂ ਅਤੇ ਅਲਾਟੀਆਂ ਨੂੰ ਕਾਫ਼ੀ ਸਮੇਂ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਹੋ ਜਾਵੇਗਾ।