ਪੁੱਡਾ\ਗਮਾਡਾ ਵਿਕਾਸ ਅਥਾਰਟੀਆਂ ਨੇ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ: ਹਰਦੀਪ ਮੁੰਡੀਆ

ਮੁਹਾਲੀ ਦੇ ਸੈਕਟਰ 83-ਏ ਤੇ ਆਈਟੀ ਸਿਟੀ ਵਿੱਚ ਪੈਟਰੋਲ ਪੰਪ ਦੀ ਸਾਈਟ 31.16 ਕਰੋੜ ਰੁਪਏ ਦੀ ਬੋਲੀ ਲੱਗੀ

ਪੰਜਾਬ ਸਰਕਾਰ ਨੇ ਪਿਛਲੇ ਦੋ ਮਹੀਨਿਆਂ ਵਿੱਚ ਈ-ਨਿਲਾਮੀ ਰਾਹੀਂ ਕਮਾਏ ਕੁੱਲ 5000 ਕਰੋੜ ਰੁਪਏ

ਨਬਜ਼-ਏ-ਪੰਜਾਬ, ਮੁਹਾਲੀ, 30 ਅਕਤੂਬਰ:
ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਅਧੀਨ ਕੰਮ ਕਰਦੀਆਂ ਪੁੱਡਾ\ਗਮਾਡਾ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ 2060 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਨਿਲਾਮ ਕੀਤੀਆਂ ਪ੍ਰਾਪਰਟੀਆਂ ਵਿੱਚ ਵਿਕਾਸ ਅਥਾਰਟੀਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਗਰੁੱਪ ਹਾਊਸਿੰਗ, ਪੈਟਰੋਲ ਪੰਪ, ਹੋਟਲ ਸਾਈਟਾਂ,ਐਸਸੀਓ, ਬੂਥ, ਉਦਯੋਗਿਕ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਈ-ਨਿਲਾਮੀ ਦੀ ਸਫਲਤਾ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ਸਰਕਾਰ ਦੀ ਪਾਰਦਰਸ਼ਤਾ ’ਤੇ ਨਿਵੇਸ਼ ਪੱਖੀ ਨੀਤੀ ਸਿਰ ਜਾਂਦਾ ਹੈ। ਦੋ ਮਹੀਨੇ ਪਹਿਲਾਂ ਈ-ਨਿਲਾਮੀ ਰਾਹੀਂ 3000 ਕਰੋੜ ਰੁਪਏ ਕਮਾਏ ਸਨ ਅਤੇ ਹੁਣ ਮੌਜੂਦਾ ਰਾਸ਼ੀ ਜੋੜ ਕੇ ਪਿਛਲੇ ਦੋ ਮਹੀਨਿਆਂ ਵਿੱਚ ਈ-ਨਿਲਾਮੀ ਰਾਹੀਂ ਕੁੱਲ 5000 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਦੀਆਂ ਉਸਾਰੂ ਨੀਤੀਆਂ ਸਦਕਾ ਲੋਕਾਂ ਦਾ ਰੀਅਲ ਅਸਟੇਟ ਖੇਤਰ ਵਿੱਚ ਵਿਸ਼ਵਾਸ ਹੋਰ ਵੱਧ ਰਿਹਾ ਹੈ।
ਮੰਤਰੀ ਨੇ ਈ-ਨਿਲਾਮੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮੁਹਾਲੀ ਦੇ ਸੈਕਟਰ 83-ਏ, ਆਈਟੀ ਸਿਟੀ ਵਿੱਚ ਪੈਟਰੋਲ ਪੰਪ ਦੀ ਸਾਈਟ ਲਈ 31.16 ਕਰੋੜ ਰੁਪਏ ਦੀ ਬੋਲੀ ਪ੍ਰਾਪਤ ਹੋਈ। ਸੈਕਟਰ-78 ਦੀ ਗਰੁੱਪ ਹਾਊਸਿੰਗ ਸਾਈਟ ਲਈ 163.87 ਕਰੋੜ ਰੁਪਏ ਦੀ ਬੋਲੀ ਲੱਗੀ ਅਤੇ ਸੈਕਟਰ-78 ਵਿੱਚ ਹੀ ਹੋਟਲ ਸਾਈਟ 33.47 ਕਰੋੜ ਰੁਪਏ ਵਿੱਚ ਨਿਲਾਮ ਹੋਈ। ਇਸ ਤੋਂ ਇਲਾਵਾ ਸੈਕਟਰ-68 ਦੀਆਂ 4 ਕਮਰਸ਼ੀਅਲ ਸਾਈਟਾਂ, ਆਈਟੀ ਸਿਟੀ, ਸੈਕਟਰ-101-ਏ ਵਿੱਚ ਪੰਜ ਉਦਯੋਗਿਕ ਪਲਾਟਾਂ ਅਤੇ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ 334 ਰਿਹਾਇਸ਼ੀ ਪਲਾਟਾਂ, ਐਸਸੀਓ ਅਤੇ ਬੂਥਾਂ ਲਈ ਵੀ ਬੋਲੀ ਪ੍ਰਾਪਤ ਹੋਈ।
ਸ੍ਰੀ ਮੁੰਡੀਆ ਨੇ ਦੱਸਿਆ ਕਿ ਮਹੀਨਾ ਭਰ ਈ-ਨਿਲਾਮੀਆਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਨਿਵੇਸ਼ਕਾਂ ਨੂੰ ਸੂਬੇ ਵਿੱਚ ਲਿਆਉਣ ਦੀਆਂ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਿਲਾਮੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੀ ਅਤੇ ਜੋ ਲੋਕ ਜਾਂ ਤਾਂ ਆਪਣੇ ਸਿਰ ‘ਤੇ ਛੱਤ ਚਾਹੁੰਦੇ ਸਨ ਜਾਂ ਵਪਾਰਕ ਅਦਾਰੇ ਚਲਾਉਣਾ ਚਾਹੁੰਦੇ ਸਨ, ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।
ਪੁੱਡਾ ਮੰਤਰੀ ਨੇ ਸਫਲ ਬੋਲੀਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਲਾਮ ਕੀਤੀਆਂ ਸਾਈਟਾਂ ਦਾ ਕਬਜ਼ਾ ਆਕਸ਼ਨ ਵਿੱਚ ਤੈਅ ਸਮੇਂ ਅਨੁਸਾਰ ਬੋਲੀਕਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈ-ਨਿਲਾਮੀ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਬੋਲੀਕਾਰਾਂ ਨੇ ਰਾਜ ਭਰ ਵਿੱਚ ਉਪਲਬਧ ਪ੍ਰਾਪਰਟੀਆਂ ਵਿੱਚ ਦਿਲਚਸਪੀ ਦਿਖਾਈ, ਕਿਉਂਜੋ ਨਿਲਾਮ ਕੀਤੀਆਂ ਸਾਈਟਾਂ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸੰਗਰੂਰ ਵਿੱਚ ਸਥਿਤ ਹਨ।
ਮੰਤਰੀ ਨੇ ਵਿਕਾਸ ਅਥਾਰਟੀਆਂ ਅਨੁਸਾਰ ਇਕੱਠੇ ਹੋਏ ਮਾਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ ਨੇ 1894 ਕਰੋੜ ਰੁਪਏ, ਗਲਾਡਾ ਨੇ 61.75 ਕਰੋੜ ਰੁਪਏ, ਬੀਡੀਏ ਨੇ 16.08 ਕਰੋੜ ਰੁਪਏ, ਪੀਡੀਏ ਨੇ 59.62 ਕਰੋੜ ਰੁਪਏ, ਜੇ.ਡੀ.ਏ. ਨੇ 12.25 ਕਰੋੜ ਰੁਪਏ, ਏਡੀਏ ਨੇ 16.30 ਕਰੋੜ ਰੁਪਏ ਕਮਾਏ ਜੋ ਕਿ ਸਾਰਿਆਂ ਦੀ ਰਕਮ ਮਿਲਾ ਕੇ ਕੁੱਲ ਕਮਾਈ 2060 ਕਰੋੜ ਰੁਪਏ ਬਣਦੀ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…