ਡੀਸੀ ਦੀ ਖਾਦ ਡੀਲਰਾਂ ਨੂੰ ਤਾੜਨਾ, ਕਾਲਾਬਾਜ਼ਾਰੀ, ਮਿਥੇ ਰੇਟ ਤੋਂ ਵੱਧ ਵਸੂਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਹਰੇਕ ਖਾਦ ਡੀਲਰ ਵੱਲੋਂ ਰੋਜ਼ਾਨਾ ਨੋਟਿਸ ਬੋਰਡ ’ਤੇ ਖਾਦ ਦੇ ਸਟਾਕ ਬਾਰੇ ਜਾਣਕਾਰੀ ਦੇਣਾ ਲਾਜ਼ਮੀ: ਡੀਸੀ

ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਡੀਲਰਾਂ ਦੇ ਸਟਾਕ ਦਾ ਨਿਰੀਖਣ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ, ਮਿੱਥੇ ਰੇਟ ਤੋਂ ਵੱਧ ਵਸੂਲੀ ਜਾਂ ਨਾਲ ਹੋਰ ਖੇਤੀ ਸਮੱਗਰੀ ਦੀ ਵਿੱਕਰੀ (ਟੈਗਿੰਗ) ਨੂੰ ਗੰਭੀਰਤਾ ਨਾਲ ਲੈਂਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਸਮੇਂ ਸਮੇਂ ’ਤੇ ਡੀਲਰਾਂ ਦੇ ਖਾਦ ਸਟਾਕ ਦੀ ਜਾਂਚ ਕੀਤੀ ਜਾਵੇ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਏਡੀਸੀ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਡਿਪਟੀ ਰਜਿਸਟਰਾਰ (ਸਹਿਕਾਰੀ ਸੇਵਾਵਾਂ) ਗੁਰਬੀਰ ਸਿੰਘ ਢਿੱਲੋਂ ਅਤੇ ਹੋਰਨਾਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਖਾਦ ਡੀਲਰਾਂ ਅਤੇ ਸਹਿਕਾਰੀ ਸਭਾਵਾਂ ਕੋਲ ਉਪਲਬਧ ਖਾਦਾਂ ਦੇ ਸਟਾਕ ਬਾਰੇ ਰੋਜ਼ਾਨਾ ਨੋਟਿਸ ਬੋਰਡ ’ਤੇ ਜਾਣਕਾਰੀ ਦੇਣਾ ਲਾਜ਼ਮੀ ਕੀਤਾ ਜਾਵੇ। ਇਸ ਤੋਂ ਇਲਾਵਾ ਡੀਏਪੀ ਦੀ ਵਿਕਰੀ ਦੌਰਾਨ ਕਿਸਾਨਾਂ ਤੋਂ ਓਵਰਚਾਰਜਿੰਗ ਕਰਨ ਜਾਂ ਡੀਏਪੀ ਖਾਦ ਨਾਲ ਹੋਰ ਖੇਤੀ ਇਨਪੁਟਸ ਦੀ ਟੈਗਿੰਗ ਬਾਰੇ ਸਖ਼ਤੀ ਨਾਲ ਰੋਕ ਲਾਈ ਜਾਵੇ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਾਦ ਡੀਲਰਾਂ ਦੀ ਅਚਨਚੇਤ ਜਾਂਚ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ।
ਡੀਸੀ ਨੇ ਕਿਹਾ ਕਿ ਕਿਸਾਨਾਂ ਨੂੰ ਖਾਦ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਮੁਹਾਲੀ ਜ਼ਿਲ੍ਹੇ ਵਿੱਚ 3033 ਮੀਟਰਿਕ ਟਨ ਖਾਦਾਂ ਦਾ ਸਟਾਕ ਉਪਲਬਧ ਹੈ। ਇਨ੍ਹਾਂ ਵਿੱਚ ਡੀਏਪੀ ਦੇ ਬਦਲ ਜਿਵੇਂ ਕਿ ਐਨਪੀਕੇ, ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨੀਆਂ ਵੱਲੋਂ ਦਿੱਤੀ ਸਲਾਹ ਅਨੁਸਾਰ ਡੀਏਪੀ ਵਿੱਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਦਾ ਮਿਸ਼ਰਣ ਹੁੰਦਾ ਹੈ ਜਦਕਿ ਸਿੰਗਲ ਸੁਪਰਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੁੰਦਾ ਹੈ। ਕਿਸਾਨ ਡੀਏਪੀ ਦੇ ਇੱਕ ਥੈਲੇ ਦੀ ਥਾਂ ਇਸ ਖਾਦ ਦੇ ਤਿੰਨ ਥੈਲੇ ਵਰਤ ਸਕਦੇ ਹਨ। ਇਹ ਵਾਧੂ ਸਲਫਰ ਵੀ ਪ੍ਰਦਾਨ ਕਰਦਾ ਹੈ।
ਇੰਜ ਹੀ ਐਨਪੀਕੇ 12:32:16 ਵਿੱਚ 32 ਫੀਸਦੀ ਫਾਸਫੋਰਸ ਹੁੰਦਾ ਹੈ। ਐਨਪੀਕੇ ਦਾ ਡੇਢ ਬੈਗ ਡੀਏਪੀ ਦੇ ਇੱਕ ਬੈਗ ਦੇ ਬਰਾਬਰ ਹੈ।। ਇਹ ਪੋਟਾਸ਼ ਦੇ ਵਾਧੂ ਲਾਭ ਦੀ ਪੇਸ਼ਕਸ਼ ਵੀ ਕਰਦਾ ਹੈ, ਜੋ ਕਿ ਡੀਏਪੀ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਭੂਮੀ ਵਿਗਿਆਨੀਆਂ ਦੀ ਸਲਾਹ ਅਨੁਸਾਰ, ਟ੍ਰਿਪਲ ਸੁਪਰਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਹੁੰਦਾ ਹੈ। ਇਸ ਨੂੰ ਡੀਏਪੀ ਦੇ ਬਰਾਬਰ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ, ਜਿਸ ਨਾਲ ਵਾਧੂ ਸਲਫਰ ਦਾ ਲਾਭ ਮਿਲਦਾ ਹੈ, ਜਦੋਂਕਿ ਐਨਪੀਕੇ 10:26:26 ਵਿੱਚ ਕੁੱਲ ਫਾਸਫੋਰਸ ਦਾ 26 ਫੀਸਦੀ ਹੁੰਦਾ ਹੈ। ਇਹ ਫਸਲਾਂ ਦੀ ਫਾਸਫੋਰਸ ਲੋੜਾਂ ਨੂੰ ਵੀ ਪੂਰਾ ਕਰ ਸਕਦਾ ਹੈ। ਇਹ ਪੋਟਾਸ਼ ਦਾ ਵਾਧੂ ਫਾਇਦਾ ਵੀ ਪ੍ਰਦਾਨ ਕਰਦਾ ਹੈ, ਜੋ ਡੀਏਪੀ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਡੀਏਪੀ ਦੀ ਕਥਿਤ ਕਮੀ ਬਾਰੇ ਚਿੰਤਾ ਨਾ ਕਰਨ ਦਾ ਭਰੋਸਾ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਪ੍ਰਭਾਵਸ਼ਾਲੀ ਅਤੇ ਆਸਾਨੀ ਨਾਲ ਉਪਲਬਧ ਖਾਦ ਦੇ ਬਦਲਾਂ ਦੀ ਸਫਲਤਾਪੂਰਵਕ ਵਰਤੋਂ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…