Nabaz-e-punjab.com

ਡੇਢ ਕਰੋੜ ਤੋਂ ਵਧੇਰੇ ਵਾਰ ਸਕੂਲੀ ਬੱਚਿਆਂ ਨੇ ਕੀਤੀ ਪੰਜਾਬ ਪ੍ਰਾਪਤੀ ਸਰਵੇਖਣ ਅਭਿਆਸ ਪ੍ਰਕਿਰਿਆ ਵਿੱਚ ਸ਼ਮੂਲੀਅਤ

ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ: ਸਕੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਤਿੰਨ ਸਾਲ ਬਾਅਦ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਵਿੱਚ ਆਪਣੀ 100 ਫੀਸਦੀ ਕਾਰਗੁਜ਼ਾਰੀ ਦਿਖਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪ੍ਰਾਪਤੀ ਸਰਵੇਖਣ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਚਲਾਈ ਜਾ ਰਹੀ ਮੁਲਾਂਕਣ ਪ੍ਰਕਿਰਿਆ ਵਿੱਚ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਹਫ਼ਤਾਵਾਰੀ ਟੈਸਟਿੰਗ ਨੂੰ ਹੁਣ ਤੱਕ 1.50 ਕਰੋੜ ਵਾਰ ਸ਼ਮੂਲੀਅਤ ਕੀਤੀ ਹੈ। ਕੋਵਿਡ-19 ਲਾਗ ਦੀ ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਜਿੱਥੇ ਪੰਜਾਬ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ, ਉੱਥੇ ਪੰਜਾਬ ਪਹਿਲਾ ਪ੍ਰਦੇਸ਼ ਹੈ ਜੋ ਸਿੱਖਣ ਪਰਿਣਾਮਾਂ ਸਬੰਧੀ ਪ੍ਰਾਪਤੀ ਸਰਵੇਖਣ ਕਰਵਾਉਣ ਦੀ ਪ੍ਰਕਿਰਿਆ ਆਪਣੇ ਤੌਰ ’ਤੇ ਆਰੰਭ ਕਰ ਚੁੱਕਾ ਹੈ।
ਸਿੱਖਣ ਪਰਿਣਾਮਾਂ ਸਬੰਧੀ ਪੰਜਾਬ ਪ੍ਰਾਪਤੀ ਸਰਵੇਖਣ 2020 ਦੀ ਦੁਹਰਾਈ ਕਰਵਾਉਣ ਲਈ ਪੰਜਾਬ ਦੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਲੱਖਾਂ ਵਿਦਿਆਰਥੀ, ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਦੇਖ-ਰੇਖ ਹੇਠ ਬਹੁਤ ਜ਼ਿਆਦਾ ਰੁਚੀ ਦਿਖਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਲੱਖਾਂ ਵਿਦਿਆਰਥੀਆਂ ਲਈ ਸਿੱਖਣ ਪਰਿਣਾਮਾਂ ਦੀ ਦੁਹਰਾਈ ਲਈ ਰੋਜ਼ਾਨਾ ਅਭਿਆਸ ਸਲਾਈਡਾਂ ਭੇਜੀਆਂ ਜਾ ਰਹੀਆਂ ਹਨ ਅਤੇ ਹਫ਼ਤਾਵਾਰੀ ਦੁਹਰਾਈ ਲਈ ਅਭਿਆਸ ਵਜੋਂ ਆਨਲਾਈਨ ਹੱਲ ਕਰਨ ਲਈ ਪੇਪਰ ਭੇਜੇ ਜਾ ਰਹੇ ਹਨ. ਪਿਛਲੇ ਹਫ਼ਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਸਿੱਖਣ ਪਰਿਣਾਮਾਂ ਸਬੰਧੀ ਦੁਹਰਾਈ ਕਰਵਾਉਣ ਲਈ ਆਨਲਾਈਨ ਟੈੱਸਟ ਲਏ ਗਏ। ਟੈੱਸਟ ਵਿੱਚ 31 ਅਗਸਤ ਨੂੰ 23.68 ਲੱਖ, 1 ਸਤੰਬਰ ਨੂੰ 33.82 ਲੱਖ, 2 ਸਤੰਬਰ ਨੂੰ 19.40 ਲੱਖ, 3 ਸਤੰਬਰ ਨੂੰ 27.40 ਲੱਖ, 4 ਸਤੰਬਰ ਨੂੰ 22.38 ਲੱਖ ਅਤੇ 5 ਸਤੰਬਰ ਨੂੰ ਹੋਏ ਆਨਲਈਨ ਦੁਹਰਾਈ ਟੈੱਸਟ ਵਿੱਚ 23.84 ਲੱਖ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਸਮੁੱਚੇ ਰੂਪ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਏ ਗਏ ਇਸ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਆਨਲਾਈਨ ਸਿੱਖਣ ਪਰਿਣਾਮ ਦੁਹਰਾਈ ਟੈੱਸਟ ਵਿੱਚ ਕੁੱਲ 1 ਕਰੋੜ 50 ਲੱਖ 52 ਹਜ਼ਾਰ ਰਿਸਪਾਂਸ ਮਿਲੇ ਜੋ ਕਿ ਆਪਣੇ ਆਪ ਵਿੱਚ ਇੱਕ ਕੀਰਤੀਮਾਨ ਹੈ. ਪ੍ਰਾਇਮਰੀ ਜਮਾਤਾਂ ਦੇ ਪੰਜਾਬ ਪ੍ਰਾਪਤੀ ਸਰਵੇਖਣ ਦੁਹਰਾਈ ਭਾਗ-15 ਵਿੱਚ ਇੱਕ ਦਿਨ ਵਿੱਚ 9 ਲੱਖ 97 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਆਨਲਾਈਨ ਟੈੱਸਟ ਜਰੀਏ ਦੁਹਰਾਈ ਕੀਤੀ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਪੰਜਾਬ ਪ੍ਰਾਪਤੀ ਸਰਵੇਖਣ-2020 ਨੂੰ ਸਫਲ ਬਣਾਉਣ ਲਈ ਇੱਕ ਟੀਮ ਵਜੋਂ ਕਾਰਜ ਕਰ ਰਹੇ ਹਨ। ਇਸ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਰਾਹੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਤੱਕ ਉਨ੍ਹਾਂ ਦੇ ਮਾਤਾ-ਪਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੈਕਟਿਸ ਸ਼ੀਟਾਂ ਅਤੇ ਸਲਾਈਡਾਂ ਰੋਜ਼ਾਨਾ ਭੇਜੀਆਂ ਜਾ ਰਹੀਆਂ ਹਨ. ਪੰਜਾਬੀ, ਵਿਗਿਆਨ, ਸਮਾਜਿਕ ਸਿੱਖਿਆ, ਅੰਗਰੇਜ਼ੀ, ਗਣਿਤ ਅਤੇ ਹਿੰਦੀ ਵਿਸ਼ੇ ਦੀਆਂ ਪਾਠਕ੍ਰਮ ਵਿੱਚ ਸ਼ਾਮਲ ਪਾਠਾਂ ਅਨੁਸਾਰ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਹਿੱਤ ਅਧਿਆਪਕਾਂ ਵੱਲੋਂ ਮਾਡਲ ਪ੍ਰਸ਼ਨ-ਪੱਤਰ ਆਨਲਾਈਨ ਬਣਾ ਕੇ ਭੇਜੇ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਦਿਨ ਵਿੱਚ ਆਪਣੀ ਪੜ੍ਹਾਈ ਵਿੱਚ ਰੁੱਝੇ ਰਹਿਣ ਅਤੇ ਸਵਾਲਾਂ ਦੇ ਜਵਾਬ ਲੱਭਣ ਲਈ ਪਾਠ-ਪੁਸਤਕਾਂ ਨੂੰ ਪੜ੍ਹਨ। ਇਸਦੇ ਨਾਲ ਹੀ ਬਹੁ-ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨਾਂ ਦੀਆਂ ਸਲਾਈਡਾਂ ਵੀ ਤਿਆਰ ਕਰਕੇ ਵਿਦਿਆਰਥੀਆਂ ਨੂੰ ਤਿਆਰੀ ਕਰਨ ਲਈ ਭੇਜੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਰੇਡੀਓ, ਟੈਲੀਵਿਜ਼ਨ, ਫੇਸਬੁੱਕ, ਵਟਸਐਪ, ਯੂ-ਟਿਊਬ, ਵੀਡੀਓ ਕਾਨਫਰੰਸਿੰਗ ਐਪ ਅਤੇ ਸੋਸ਼ਲ ਮੀਡੀਆ ਦੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਆਨਲਾਈਨ ਐਪ ਪੰਜਾਬ ਐਜੂਕੇਅਰ ਐਪ ਵੀ ਤਿਆਰ ਕੀਤਾ ਗਿਆ ਹੈ। ਜਿਸ ਦਾ ਫਾਇਦਾ ਪੰਜਾਬ ਦੇ ਵਿਦਿਆਰਥੀ ਹੀ ਨਹੀਂ ਸਗੋਂ ਭਾਰਤ ਦੇ ਬਹੁਤ ਸਾਰੇ ਪ੍ਰਦੇਸ਼ਾਂ ਦੇ ਲੱਖਾਂ ਵਿਦਿਆਰਥੀ ਵੀ ਜਮਾਤ ਅਨੁਸਾਰ ਆਨਲਾਈਨ ਤਿਆਰੀ ਕਰਕੇ ਲੈ ਰਹੇ ਹਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…