
ਪੰਜਾਬ ਅਗੇਂਸਟ ਕੁਰੱਪਸ਼ਨ ਨੇ ਵਿਗਿਆਨਕ ਤੇ ਆਲੋਚਨਾਤਮਿਕ ਸੋਚ ’ਤੇ ਅੰਤਰਰਾਸ਼ਟਰੀ ਸੈਮੀਨਾਰ
ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜ ਦੇ ਹਰੇਕ ਨਾਗਰਿਕ ਨੂੰ ਸਾਂਝੀ ਲੜਾਈ ਲੜਨ ’ਤੇ ਜ਼ੋਰ
ਪੰਜਾਬ ਦੇ 117 ਵਿਧਾਇਕਾਂ ਨੂੰ ਨਸ਼ਿਆਂ ਵਿਰੁੱਧ ਸਖ਼ਤ ਕਾਨੂੰਨ ਪਾਸ ਕਰਨ ਲਈ ਮੰਗ ਪੱਤਰ ਦੇਣ ਦਾ ਮਤਾ ਪਾਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਵਿਗਿਆਨਕ ਅਤੇ ਆਲੋਚਨਾਤਮਿਕ ਵਿਸ਼ੇ ’ਤੇ ਇੱਕ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਸੰਸਥਾ ਦੇ ਮੁਖੀ ਸਤਨਾਮ ਸਿੰਘ ਦਾਊਂ ਅਤੇ ਮਨੁੱਖੀ ਅਧਿਕਾਰਾਂ ਦੇ ਉੱਘੇ ਵਕੀਲ ਲਵਨੀਤ ਠਾਕੁਰ ਅਤੇ ਹੋਰਨਾਂ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਇਸ ਸੈਮੀਨਾਰ ਦੀ ਪ੍ਰਧਾਨਗੀ ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ ਨੇ ਕੀਤੀ। ਇੰਗਲੈਂਡ ਤੋਂ ਮੁੱਖ ਬੁਲਾਰੇ ਵਜੋਂ ਪੁੱਜੇ ਸਚਦੇਵ ਵਿਰਦੀ ਪ੍ਰਮੁੱਖ ਆਗੂ ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਬ੍ਰਿਟੇਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਉੱਘੇ ਸਮਾਜ ਸੇਵੀ ਸ਼ਾਸਤਰੀ ਅਤੇ ਡਾ. ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ (ਬਾਬਾ ਫਰੀਦ ਯੂਨੀਵਰਸਿਟੀ) ਨੇ ਭਾਰਤੀ ਸਮਾਜ ਵਿੱਚ ਅੰਧਵਿਸ਼ਵਾਸ ਦੇ ਅਸਰ ਅਤੇ ਇਸ ਨੂੰ ਦੂਰ ਕਰਨ ਦੇ ਵਧੀਆ ਤਰੀਕੇ ਦੱਸਦਿਆਂ ਕਿਹਾ ਕਿ ਇਸ ਦਾ ਮੂਲ ਕਾਰਨ ਦੇਸ਼ ਵਿੱਚ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਸਿਸਟਮ ਦੇ ਬੁਰੇ ਤਰੀਕੇ ਨਾਲ ਫੇਲ ਹੋਣਾ ਹੈ। ਉਨ੍ਹਾਂ ਅੰਧਵਿਸ਼ਵਾਸ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਅਤੇ ਪੰਜਾਬ ਵਿਧਾਨ ਸਭਾ ਦੇ ਚੁਣੇ ਹੋਏ 117 ਵਿਧਾਇਕਾਂ ਨੂੰ ਇਸ ਸਬੰਧੀ ਕਾਨੂੰਨ ਪਾਸ ਕਰਨ ਲਈ ਮੰਗ ਪੱਤਰ ਦੇਣ ਦਾ ਮਤਾ ਪਾਸ ਕੀਤਾ ਗਿਆ। ਦੂਜੇ ਪੜਾਅ ਵਿੱਚ ਸੈਮੀਨਾਰ ਵਿੱਚ ਪੁੱਜੇ ਦਰਸ਼ਕਾਂ ਨਾਲ ਸਵਾਲਾਂ ਅਤੇ ਜਵਾਬਾਂ ਦਾ ਸੈਸ਼ਨ ਹੋਇਆ। ਜਿਸ ਵਿੱਚ ਸਤਨਾਮ ਸਿੰਘ ਦਾਊਂ ਅਤੇ ਡਾ. ਦਲੇਰ ਸਿੰਘ ਮੁਲਤਾਨੀ ਨੇ ਨਸ਼ਿਆਂ ਦੇ ਬੂਰੇ ਪ੍ਰਭਾਵ ਅਤੇ ਇਸ ਦੀ ਰੋਕਥਾਮ ਬਾਰੇ ਬੜੀ ਬਰੀਕੀ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਵਿੱਢੀ ਗਈ ਹੈ ਪ੍ਰੰਤੂ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜ ਦੇ ਹਰੇਕ ਨਾਗਰਿਕ ਨੂੰ ਸਾਂਝੀ ਲੜਾਈ ਲੜਨੀ ਪਏਗੀ।