nabaz-e-punjab.com

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸੂਬੇ ਦੇ ਕਿਸਾਨਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ ਵੀਰਵਾਰ ਨੂੰ ਕਿਤੇ-ਕਿਤੇ ਅਤੇ 29 ਮਈ ਨੂੰ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦਾ ਅਨੁਮਾਨ ਹੈ। ਅੱਜ ਤੋਂ 30 ਮਈ ਤੱਕ ਕਿਤੇ-ਕਿਤੇ ਤੇਜ਼ ਹਵਾਵਾਂ ਚੱਲਣ (30-40 ਕਿੱਲੋਮੀਟਰ ਪ੍ਰਤੀ ਘੰਟਾ) ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਕਿਤੇ-ਕਿਤੇ ਬਾਰਸ਼/ਛਿੱਟੇ ਪੈਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿੱਚ ਹਨ੍ਹੇਰੀਆਂ ਚੱਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਫਸਲ ’ਤੇ ਸਪਰੇਅ ਨਾ ਕੀਤੀ ਜਾਵੇ ਅਤੇ ਟਿੱਡੀ ਦਲ ਦੇ ਪ੍ਰਕੋਪ ਤੋਂ ਬਚਣ ਲਈ ਕਿਸਾਨ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ।
ਕੰਘੀ ਬੂਟੀ ਅਤੇ ਪੀਲੀ ਬੂਟੀ ਨੂੰ ਵੱਟਾਂ ਬੰਨ੍ਹਿਆਂ ਤੋਂ ਖ਼ਤਮ ਕਰਨ ’ਤੇ ਜ਼ੋਰ ਦਿੰਦਿਆਂ ਖੇਤੀਬਾੜੀ ਵਿਭਾਗ ਨੇ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ’ਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਨੂੰ ਨਸ਼ਟ ਕੀਤਾ ਜਾਵੇ। ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਪੀਆਰ 129, ਪੀਆਰ 128, ਪੀਆਰ 127, ਪੀਆਰ 126, ਪੀਆਰ 124, ਪੀਆਰ 123, ਪੀਆਰ 122, ਪੀਆਰ 121, ਪੀਆਰ 114, ਪੀਆਰ 113 ਕਿਸਮਾਂ ਦੀ ਪਨੀਰੀ ਦੀ ਬਿਜਾਈ ਪੂਰੀ ਕੀਤੀ ਜਾਵੇ। ਝੋਨੇ ਦੇ ਬੀਜ ਉੱਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਲਾਗ ਨੂੰ ਰੋਕਣ ਲਈ ਬੀਜ ਦੀ ਸੋਧ ਜ਼ਰੂਰ ਕੀਤੀ ਜਾਵੇ। ਗਰਮੀ ਰੁੱਤ ਦੀ ਮੂੰਗੀ ਤੇ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ ਉਸ ਤੋਂ ਦੋ ਹਫ਼ਤੇ ਪਿੱਛੋਂ ਕੀਤੀ ਜਾ ਸਕਦੀ ਹੈ। ਕਮਾਦ ਦੀ ਫਸਲ ਨੂੰ 8-10 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਪਾਣੀ ਦੀ ਬੱਚਤ ਲਈ ਗੰਨੇ ਦੀਆਂ ਲਾਈਨਾਂ ਵਿਚਕਾਰ 20-25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਜਾਂ ਗੰਨੇ ਦੀ ਪੱਤੀ ਵਿਛਾਈ ਜਾਵੇ। ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ, ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲੀਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ਤੇ ਛਿੜਕਾਅ ਕੀਤਾ ਜਾਵੇ। ਕਮਾਦ ਦੀ ਜੂੰ ਦੀ ਰੋਕਥਾਮ ਲਈ ਫਸਲ ਕੋਲ ਬਰੂ ਦੇ ਬੂਟੇ ਹੋਣ ਤਾਂ ਜੜ੍ਹੋਂ ਪੁੱਟ ਕੇ ਨਸ਼ਟ ਕੀਤੇ ਜਾਣ ਕਿਉਂਕਿ ਇਨ੍ਹਾਂ ’ਤੇ ਵੀ ਕੀੜਾ ਹੋ ਸਕਦਾ ਹੈ।
ਗਰਮੀ ਦੇ ਪ੍ਰਕੋਪ ਤੋਂ ਬਚਾਅ ਲਈ ਸੂਰਜਮੁਖੀ ਦੀ ਫਸਲ ਨੂੰ 8-10 ਦਿਨਾਂ ਬਾਅਦ ਪਾਣੀ ਦੇਣ ’ਤੇ ਜ਼ੋਰ ਦਿੰਦਿਆਂ ਚਾਰੇ ਦੇ ਚੰਗੇ ਵਾਧੇ ਲਈ ਕੁਝ ਵਕਫ਼ੇ ਬਾਅਦ ਅਤੇ ਸਬਜ਼ੀਆਂ ਦੀਆਂ ਖੜ੍ਹੀਆਂ ਫਸਲਾਂ ਨੂੰ ਹਫ਼ਤੇ ਬਾਅਦ ਪਾਣੀ ਦਿੱਤਾ ਜਾਵੇ। ਜਦੋਂਕਿ ਬਾਕੀ ਸਬਜ਼ੀਆਂ ਹਲਵਾ ਕੱਦੂ, ਮਿਰਚਾਂ, ਰਾਮ ਤੋਰੀ, ਹਦਵਾਣੇ, ਟੀਂਡੇ, ਖ਼ਰਬੂਜ਼ੇ, ਖੀਰੇ, ਬੈਂਗਣ, ਰਵਾਂਹ, ਭਿੰਡੀ ਦੀ ਤੁੜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਬਜ਼ੀਆਂ ਇਕ ਦਿਨ ਛੱਡ ਕੇ ਸ਼ਾਮ ਨੂੰ ਤੋੜੀਆਂ ਜਾਣ ਕਿਉਂਕਿ ਸਵੇਰ ਦੇ ਸਮੇਂ ਇਨ੍ਹਾਂ ਦੀ ਪਰ-ਪ੍ਰਾਗਣ ਕਿਰਿਆ ਖ਼ਰਾਬ ਹੋ ਸਕਦੀ ਹੈ। ਬੈਂਗਣ ਦੇ ਫਲ ਅਤੇ ਤਣੇ ਦੇ ਗੜੂਏਂ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜਨ 18.5 ਐਸਸੀ ਜਾਂ 80 ਗਰਾਮ ਪ੍ਰੋਕਲੇਮ 5 ਐਸਜੀ ਨੂੰ 100-125 ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫ਼ਸਲ ਤੇ ਛਿੜਕਾਅ ਕੀਤਾ ਜਾਵੇ। ਗਰਮੀ ਦੇ ਭੈੜੇ ਅਸਰ ਤੋਂ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਤਣਿਆਂ ਤੇ ਕਲੀ (ਸਫ਼ੈਦੀ) ਕੀਤੀ ਜਾਵੇ। ਫਲਦਾਰ ਬੂਟਿਆਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਦੇਣ, ਅੰਬਾਂ ਵਿੱਚ ਕੇਰੇ ਦੀ ਰੋਕਥਾਮ ਲਈ 2,4-ਡੀ ਸੋਡੀਅਮ ਸਾਲਟ (ਹਾਰਟੀਕਲਚਰ ਗ੍ਰੇਡ) 10.0 ਗ੍ਰਾਮ ਪ੍ਰਤੀ 500 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ। ਆੜੂ ਦੇ ਫਲਾਂ ਵਿੱਚ ਫਲ ਦੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਪੀਏਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਇਆ ਜਾਵੇ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…