ਪੰਜਾਬ ਤੇ ਜੰਮੂ-ਕਸ਼ਮੀਰ ਵੱਲੋਂ ਸ਼ਾਹਪੁਰ ਕੰਢੀ ਪ੍ਰਾਜੈਕਟ ਨੂੰ ਮੁੜ ਤੋਂ ਸ਼ੁਰੂ ਕਰਨ ਸਬੰਧੀ ਸਮਝੌਤੇ ’ਤੇ ਸਹਿਮਤੀ ਪ੍ਰਗਟਾਈ

ਚੰਡੀਗੜ੍ਹ, 8 ਸਤੰਬਰ
ਲੰਬੇ ਸਮੇਂ ਤੋਂ ਬੰਦ ਪਏ ਸ਼ਾਹਪੁਰ ਕੰਡੀ ਪ੍ਰਾਜੈਕਟ ’ਤੇ ਦੁਬਾਰਾ ਕੰਮ ਆਰੰਬ ਕਰਨ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਨੇ ਅੱਜ ਰਸਮੀ ਤੌਰ ’ਤੇ ਸਹਿਮਤੀ ਪ੍ਰਗਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੰਗਲੈਂਡ ਦੌਰੇ ’ਤੇ ਗਏ ਹੋਣ ਕਾਰਨ ਉਨ੍ਹਾਂ ਦੀ ਨੁਮਾਂਇੰਦਗੀ ਕਰ ਰਹੇ ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਸ੍ਰੀਮਤੀ ਮਹਿਬੂਬਾ ਮੁਫਤੀ ਦੇ ਵਿਚਕਾਰ ਇਸ ਸਬੰਧੀ ਸਮਝੌਤੇ ਦਾ ਵਟਾਂਦਰਾ ਕੀਤਾ ਗਿਆ। ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਾਲੇ ਉਚ ਪੱਧਰੀ ਵਫਦ ਵਿੱਚ ਸਿੰਚਾਈ ਅਤੇ ਬਿਜਲੀ ਵਿਭਾਗ ਦੇ ਉਚ ਅਧਿਕਾਰੀ ਵੀ ਸ਼ਾਮਿਲ ਸਨ।
ਕੰਡੀ ਪ੍ਰੋਜੈਕਟ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਨ ਦੇ ਫੈਸਲੇ ਨੂੰ ਦੋਵਾਂ ਰਾਜਾਂ ਦੇ ਮੰਤਰੀ ਮੰਡਲਾਂ ਵੱਲੋਂ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਅਤੇ ਅੱਜ ਸਮਝੌਤੇ ਦੀ ਪ੍ਰਵਾਨਗੀ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਪੰਜਾਬ ਕੈਬਨਿਟ ਵੱਲੋਂ ਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਵਾਨਗੀ ਬਹੁਤ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ ਜਦੋਂ ਕਿ ਜੰਮੂ-ਕਸ਼ਮੀਰ ਕੈਬਨਿਟ ਵੱਲੋਂ ਇਸ ਸਬੰਧੀ ਫੈਸਲਾ ਬੀਤੇ ਮਹੀਨੇ ਲਿਆ ਗਿਆ।
ਇਸ ਪ੍ਰੋਜੈਕਟ ਦੀ ਬਿਜਲੀ ਉਤਪਾਦਨ ਸਮਰੱਥਾ 206 ਮੈਗਾਵਾਟ ਹੋਵੇਗੀ। ਇਸ ਪ੍ਰੋਜੈਕਟ ਦੀ ਨਿਗਰਾਨੀ ਸੈਂਟਰਲ ਵਾਟਰ ਕਮਿਸ਼ਨ ਵੱਲੋਂ ਕੀਤੀ ਜਾਵੇਗੀ। ਜੰਮੂ-ਕਸ਼ਮੀਰ ਸਰਕਾਰ ਵੱਲੋਂ ਇਸ ਪ੍ਰੋਜੈਕਟ ’ਤੇ ਲਗਭਗ 3 ਸਾਲ ਪਹਿਲਾਂ ਕੰਮ ਰੋਕ ਦਿੱਤਾ ਗਿਆ ਸੀ। ਦੋਵਾਂ ਰਾਜਾਂ ਦਰਮਿਆਨ ਲਗਾਤਾਰ ਚੱਲੀ ਗੱਲਬਾਤ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਦਖਲ ਨਾਲ ਦੋਵੇਂ ਸਰਕਾਰਾਂ ਇਸ ਕੰਮ ਨੂੰ ਮੁੜ ਆਰੰਭ ਕਰਨ ਲਈ ਸਹਿਮਤ ਹੋਈਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ, ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਅਤੇ ਜੰਮੂ-ਕਸ਼ਮੀਰ ਦੋਵਾਂ ਰਾਜਾਂ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ ਬਿਜਲੀ ਪੈਦਾ ਹੋਵੇਗੀ ਬਲਕਿ ਇਸ ਨਾਲ ਰਾਵੀ ਦਰਿਆ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਿੱਚ ਵੀ ਸਹਾਈ ਹੋਵੇਗਾ, ਜੋ ਹੁਣ ਉਂਝ ਹੀ ਪਾਕਿਸਤਾਨ ਵੱਲ ਜਾ ਰਿਹਾ ਹੈ।
ਰਾਣਾ ਗੁਰਜੀਤ ਨੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀਮਤੀ ਮੁਫਤੀ ਨੇ ਇਸ ਪ੍ਰੋਜੈਕਟ ਨੂੰ ਮੁੜ ਆਰੰਭ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਹ ਪ੍ਰੋਜੈਕਟ ਨਾ ਸਿਰਫ ਦੋਵਾਂ ਸੂਬਿਆਂ ਲਈ ਲਾਹੇਵੰਦ ਹੈ ਬਲਕਿ ਇਸ ਰਾਸ਼ਟਰ ਲਈ ਵੀ ਮਹੱਤਵਪੂਰਨ ਹੈ। ਇਹ ਵਿਸ਼ਵਾਸ ਦਿਵਾਉਂਦਿਆਂ ਕਿ ਪੰਜਾਬ ਸਰਕਾਰ ਨਾ ਸਿਰਫ ਇਸ ਪ੍ਰੋਜੈਕਟ ਨੂੰ ਮੁੰਕਮਲ ਕਰਨ ਲਈ ਵਚਨ ਬੱਧ ਹੈ ਬਲਕਿ ਸਾਰੇ ਵਾਅਦੇ ਅਤੇ ਜਿੰਮੇਵਾਰੀ ਵੀ ਨਿਭਾਏਗੀ, ਸਿੰਚਾਈ ਅਤੇ ਬਿਜਲੀ ਮੰਤਰੀ ਨੇ ਕਿਹਾ, ‘‘ਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ’ਤੇ ਸਹਮਿਤੀ ਮੁੱਖ ਮੰਤਰੀ ਸ੍ਰੀਮਤੀ ਮੁਫਤੀ ਦੇ ਸਹਿਯੋਗ ਅਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਦੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋ ਸਕਿਆ ਹੈ।’’

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…