
ਪੰਜਾਬ ’ਚ ਹੋਣ ਵਾਲੀਆਂ ਪੰਥਕ ਕਾਨਫ਼ਰੰਸਾਂ ਰਾਹੀਂ ਪੰਥ ਦੋਖੀਆਂ ਨੂੰ ਕਰਾਰ ਜਵਾਬ ਦਿਆਂਗੇ: ਬੱਬੀ ਬਾਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸਪੀਕਰ ਰਵੀਇੰਦਰ ਸਿੰਘ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਕੀਤੀਆਂ ਵਾਲੀਆਂ ਪੰਥਕ ਕਾਨਫ਼ਰੰਸਾਂ ਵਿੱਚ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪੰਥ ਦੋਖੀਆਂ ਨੂੰ ਕਰਾਰ ਜਵਾਬ ਦੇਣਗੇ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਮੁਹਾਲੀ ਵਿੱਚ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਨੌਜਵਾਨਾਂ ਅਤੇ ਹੋਰ ਪਤਵੰਤਿਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਥਕ ਕਾਨਫ਼ਰੰਸਾਂ ਦਾ ਮੁੱਖ ਮੰਤਵ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕਰਵਾਉਣਾ ਅਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਚਲ ਰਹੀਆਂ ਸਿੱਖ ਸੰਸਥਾਵਾਂ ਨੂੰ ਸਿਆਸੀ ਗਲਵੇ ਤੋਂ ਮੁਕਤ ਕਰਵਾਉਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਲੀਹਾਂ ’ਤੇ ਲਿਆਉਣਾ ਹੈ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਵੱਖ-ਵੱਖ ਵੱਡੇ ਸ਼ਹਿਰਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਕਾਨਫ਼ਰੰਸਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਝੂਠੇ ਵਾਅਦੇ ਜਿਨ੍ਹਾਂ ਵਿੱਚ ਕਰਜ਼ਾ ਮੁਆਫ਼ੀ, ਘਰ-ਘਰ ਰੁਜ਼ਗਾਰ, ਬਿਜਲੀ ਦਰਾਂ ਵਿੱਚ ਕੀਤੇ ਗਏ ਭਾਰੀ ਵਾਧੇ ਅਤੇ ਹੋਰ ਮੁੱਦਿਆਂ ’ਤੇ ਮੋਤੀਆਂ ਵਾਲੀ ਸਰਕਾਰ ਨੂੰ ਘੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਤੇ ਬਾਦਲ ਪਰਿਵਾਰ ਦੀ ਮੈਚ ਫਿਕਸਿੰਗ ਵਾਲੀ ਰਾਜਨੀਤੀ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ। ਜਿਸ ਕਰਕੇ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਨਸ਼ਾ ਤਸਕਰੀ ਦੇ ਸੌਦਾਗਰ ਹੁਣ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਇਸ ਮੌਕੇ ਯੂਥ ਵਿੰਗ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਬਰਾੜ, ਦਫ਼ਤਰ ਸਕੱਤਰ ਜਗਤਾਰ ਸਿੰਘ ਘੜੂੰਆਂ, ਸਰਕਲ ਪ੍ਰਧਾਨ ਇਕਬਾਲ ਸਿੰਘ, ਰਣਧੀਰ ਸਿੰਘ ਪ੍ਰੇਮਗੜ੍ਹ, ਬਲਬੀਰ ਸਿੰਘ ਝਾਮਪੁਰ, ਜਸਪਾਲ ਸਿੰਘ, ਨਰੰਗ ਸਿੰਘ, ਜਰਨੈਲ ਸਿੰਘ ਪੱਤੋਂ, ਕਰਮਜੀਤ ਸਿੰਘ ਧਨਾਸ, ਗੁਰਵਿੰਦਰ ਸਿੰਘ ਇਟਲੀ, ਨਰਿੰਦਰ ਸਿੰਘ, ਸੁਰਜੀਤ ਸਿੰਘ,ਹਰਪ੍ਰੀਤ ਸਿੰਘ, ਕਵਲਜੀਤ ਸਿੰਘ ਪੱਤੋਂ, ਬਚਿੱਤਰ ਸਿੰਘ, ਹਰਜੀਤ ਸਿੰਘ, ਜੱਗਾ ਸਿਆਊ, ਗੁਰਪ੍ਰੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।