Nabaz-e-punjab.com

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਨਵੀਂ ਮੋਟਰ ਮਾਰਕੀਟ ਦਾ ਰੱਖਿਆ ਨੀਂਹ ਪੱਥਰ

ਪਿੰਡ ਕੰਬਾਲਾ ਵਿੱਚ ਨਵੀਂ ਜਲ ਸਪਲਾਈ ਸਕੀਮ ਦੀ ਕੀਤੀ ਰਸਮੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੋਟਰ ਮਕੈਨਿਕਾਂ ਅਤੇ ਵਾਹਨਾਂ ਦੀ ਮੁਰੰਮਤ ਕਰਨ ਵਾਲੇ ਕਾਰੀਗਰਾਂ ਦੀ ਸਹੂਲਤ ਲਈ ਇੱਥੋਂ ਦੇ ਸੈਕਟਰ-65ਏ ਵਿੱਚ ਨਵੀਂ ਮੋਟਰ ਮਾਰਕੀਟ ਬਣਾਈ ਜਾ ਰਹੀ ਹੈ। ਜਿਸ ਦਾ ਨੀਂਹ ਪੱਥਰ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਰੱਖਿਆ। ਇਸ ਮਾਰਕੀਟ ਦੇ ਬਣਨ ਨਾਲ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਅਣਅਧਿਕਾਰਤ ਤੌਰ ’ਤੇ ਮੋਟਰ ਮਕੈਨਿਕ, ਟਰੱਕ ਮਕੈਨਿਕ, ਡੈਂਟਿੰਗ ਪੇਂਟਿੰਗ ਅਤੇ ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਮਕੈਨਿਕਾਂ ਨੂੰ ਹੁਣ ਨੂੰ ਪੱਕੀ ਛੱਤ ਮਿਲ ਜਾਵੇਗੀ। ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਦੁਕਾਨਦਾਰਾਂ ਅਤੇ ਮਕੈਨਿਕਾਂ ’ਤੇ ਹਮੇਸ਼ਾ ਉਜਾੜੇ ਦੀ ਤਲਵਾਰ ਲਟਕੀ ਰਹਿੰਦੀ ਸੀ। ਬੀਤੇ ਦਿਨੀਂ ਗਮਾਡਾ ਨੇ ਮਕੈਨਿਕਾਂ ਅਤੇ ਦੁਕਾਨਦਾਰਾਂ ਲਈ ਪੱਕੇ ਬੂਥਾਂ ਅਤੇ ਸੋਅਰੂਮਾਂ ਦਾ ਡਰਾਅ ਕੱਢਿਆ ਗਿਆ ਸੀ।
ਇਸੇ ਤਰ੍ਹਾਂ ਰਾਣਾ ਕੇਪੀ ਸਿੰਘ ਨੇ ਇੱਥੋਂ ਦੇ ਫੇਜ਼-11 ਸਥਿਤ ਮੁਹਾਲੀ ਰੇਲਵੇ ਸਟੇਸ਼ਨ ਨੇੜਲੇ ਪਿੰਡ ਕੰਬਾਲਾ ਅਤੇ ਪਿੰਡ ਕੰਬਾਲੀ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਨਵੀਂ ਜਲ ਸਪਲਾਈ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਨਾਲ ਹੁਣ ਉਕਤ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਅਤੇ ਲੋੜੀਂਦੀ ਮਾਤਰਾ ਵਿੱਚ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਕਿਉਂਕਿ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਜੇਕਰ ਅਸੀਂ ਪਾਣੀ ਦੀ ਬੱਚਤ ਪ੍ਰਤੀ ਗੰਭੀਰ ਨਹੀਂ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦੇ ਲਾਲੇ ਪੈਣ ਜਾਣਗੇ। ਉਨ੍ਹਾਂ ਬਰਸਾਤੀ ਪਾਣੀ ਦੀ ਸੰਭਾਲ ਕਰਨ ਦੀ ਵੀ ਅਪੀਲ ਕੀਤੀ ਅਤੇ ਲੋਕਾਂ ਨੂੰ ਸ਼ੁੱਧ ਵਾਤਾਵਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ।
ਪਿੰਡ ਕੰਬਾਲਾ ਦੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕਾਫੀ ਅਰਸਾ ਪਹਿਲਾਂ ਲੱਗਿਆ ਪਾਣੀ ਟਿਊਬਵੈੱਲ ਫੇਲ ਹੋ ਗਿਆ ਸੀ ਅਤੇ ਪਿੰਡ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਸਨ ਪ੍ਰੰਤੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਲਿਕਦਮੀ ਸਦਕਾ ਨੇੜ ਭਵਿੱਖ ਵਿੱਚ ਲੋਕਾਂ ਨੂੰ ਲੋੜ ਅਨੁਸਾਰ ਪਾਣੀ ਨਸੀਬ ਹੋਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪਿੰਡ ਵਾਸੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਦੀ ਸਪਲਾਈ ਦਾ ਆਰਜ਼ੀ ਪ੍ਰਬੰਧ ਕੀਤਾ ਗਿਆ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸਡੀਐਮ ਵਿਨੋਦ ਬਾਂਸਲ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Vidhan Sabha/Rajya Sabha

Check Also

ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ: ਕੁਲਵੰਤ ਸਿੰਘ

ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ: ਕੁਲਵੰਤ ਸਿੰਘ ਸ੍ਰੀ ਗੁਰੂ ਰਵ…