Nabaz-e-punjab.com

ਸਿਹਤ ਸੰਭਾਲ ਖੇਤਰ ਵਿੱਚ ਸੂਚਨਾ ਟੈਕਨਾਲੋਜੀ ਦੀ ਵਰਤੋਂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ: ਸਿੱਧੂ

ਸੀ-ਡੈੱਕ ਵਿੱਚ ਨੈੱਟਵਰਕ ਤੇ ਕੰਪਿਊਟਿੰਗ ਟੈਕਨਾਲੋਜੀ ਵਿੱਚ ਭਵਿੱਖੀ ਰੁਝਾਨਾਂ ਬਾਰੇ ਦੂਜੀ ਕੌਮਾਂਤਰੀ ਕਾਨਫਰੰਸ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਇੱਥੋਂ ਦੇ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੈੱਕ) ਮੁਹਾਲੀ ਵਿੱਚ ਅੱਜ ਨੈੱਟਵਰਕ ਤੇ ਕੰਪਿਊਟਿੰਗ ਟੈਕਨਾਲੋਜੀ ਵਿੱਚ ਭਵਿੱਖੀ ਰੁਝਾਨਾਂ ਬਾਰੇ ਕਰਵਾਈ ਜਾ ਰਹੀ ਦੋ ਰੋਜ਼ਾ ਦੂਜੀ ਕੌਮਾਂਤਰੀ ਕਾਨਫਰੰਸ ਅੱਜ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਿਹਤ ਸੰਭਾਲ ਖੇਤਰ ਵਿੱਚ ਸੂਚਨਾ ਟੈਕਨਾਲੋਜੀ (ਆਈਟੀ) ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਡਿਜੀਟਲ ਪੰਜਾਬ ਵਿਜ਼ਨ ਉਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਕਾਨਫਰੰਸ ਨਵੇਂ ਰੁਝਾਨਾਂ ਤੇ ਟੈਕਨਾਲੋਜੀਆਂ ਬਾਰੇ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਸੂਚਨਾ ਹੀ ਨਵਾਂ ਵਿਕਾਸ ਦਾ ਇੰਜਨ ਹੈ ਅਤੇ ਇਹੀ ਮੌਜੂਦਾ ਮੁਕਾਬਲੇ ਦੇ ਯੁੱਗ ਵਿੱਚ ਸਾਰੇ ਅਰਥਚਾਰਿਆਂ ਨੂੰ ਚਲਾਉਂਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਨੈੱਟਵਰਕਿੰਗ ਤੇ ਕੰਪਿਊਟਿੰਗ ਟੈਕਨਾਲੋਜੀਆਂ ਨੇ ‘ਬਿਗ ਡੇਟਾ’ ਅਤੇ ‘ਆਰਟੀਫਿਸ਼ਲ ਇੰਟੈਲੀਜੈਂਸ’ ਵਰਗੀਆਂ ਨਵੀਆਂ ਤਕਨੀਕਾਂ ਦੀ ਨੀਂਹ ਰੱਖੀ ਹੈ। ਕਾਨਫਰੰਸ ਵਿੱਚ ਪੁੱਜੇ ਕੌਮਾਂਤਰੀ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਸੂਚਨਾ ਟੈਕਨਾਲੋਜੀ ਦੀ ਵਰਤੋਂ ਦੇ ਸੂਬਾ ਸਰਕਾਰ ਦੇ ਏਜੰਡੇ ਨੂੰ ਲਾਗੂ ਕਰਨ ਦਾ ਸਿਹਰਾ ਸੀ-ਡੈੱਕ ਮੁਹਾਲੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ 23 ਹਸਪਤਾਲਾਂ ਵਿੱਚ ਪਿਛਲੇ 15 ਸਾਲਾਂ ਤੋਂ ਸੀ-ਡੈੱਕ ਟੈਲੀਮੈਡੀਸਨਜ਼ ਦੀ ਵਰਤੋਂ ਹੋ ਰਹੀ ਹੈ।
ਸਿਹਤ ਸੰਭਾਲ ਖੇਤਰ ਵਿੱਚ ਆਈਟੀ ਏਜੰਡਾ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਸਿਹਤ ਸੰਭਾਲ ਖੇਤਰ ਵਿੱਚ ਆਈਟੀ ਦੀ ਭੂਮਿਕਾ ਜਲਦੀ ਹੀ ਨਵੇਂ ਦਿਸਹੱਦੇ ਖੋਲ੍ਹੇਗੀ ਅਤੇ ਸੂਬੇ ਦੇ ਕਈ ਹਸਪਤਾਲਾਂ ਦੇ ਕੰਪਿਊਟਰੀਕਰਨ ਵਿੱਚ ਆਉਂਦੇ ਅੜਿੱਕੇ ਦੂਰ ਕਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਇਹ ਕਾਨਫਰੰਸ ਸੀ-ਡੈੱਕ ਮੁਹਾਲੀ ਵੱਲੋਂ ਜੇਪੀ ਯੂਨੀਵਰਸਿਟੀ ਆਫ਼ ਇਨਫਰਮੇਸ਼ਨ ਤਕਨਾਲੋਜੀ (ਜੇ.ਯੂ.ਆਈ.ਟੀ.) ਅਤੇ ਵਕਨਾਘਾਟ, ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਦੌਰਾਨ ਸੀ-ਡੈੱਕ ਦੇ ਕਾਰਜਕਾਰੀ ਡਾਇਰੈਕਟਰ ਡਾ. ਪੀਕੇ ਖੋਸਲਾ ਨੇ ਸੀ-ਡੈੱਕ ਦੀਆਂ ਰੋਬੋਟਿਕਸ, ਕੁਆਂਟਮ ਕੰਪਿਊਟਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਟੈਲੀਮੈਡੀਸਨ, ਕਮਰਸ਼ੀਅਲ ਡਰੋਨਜ਼ ਤੇ ਹੋਰ ਗਤੀਵਿਧੀਆਂ ’ਤੇ ਝਾਤ ਪੁਆਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸੁਰੱਖਿਆ ਚੁਨੌਤੀਆਂ ਨੇ ਕਈ ਆਲਮੀ ਮੌਕੇ ਪੈਦਾ ਕੀਤੇ ਹਨ ਅਤੇ ਭਾਰਤ ਦੋਵਾਂ ਹੱਥਾਂ ਨਾਲ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਦੇ ਯੋਗ ਹੋਵੇਗਾ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਏਆਈਸੀਟੀਈ ਦੇ ਡਾਇਰੈਕਟਰ ਡਾ. ਆਰਕੇ ਸੋਨੀ, ਥਾਪਰ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਜੇਸ਼ ਖੰਨਾ ਅਤੇ ਡਾ. ਸੰਜੇ ਸੂਦ ਪ੍ਰਿੰਸੀਪਲ ਜਨਰਲ ਚੇਅਰ ਸੀ-ਡੈੱਕ ਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…