Share on Facebook Share on Twitter Share on Google+ Share on Pinterest Share on Linkedin ਪੰਜਾਬ ਬੋਰਡ ਵੱਲੋਂ ਪੰਜਵੀਂ ਤੇ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲੈਣ ਦਾ ਐਲਾਨ, ਨੋਟੀਫ਼ਿਕੇਸ਼ਨ ਜਾਰੀ ਮਾਨਤਾ ਤੋਂ ਕੋਰੇ ਸਕੂਲਾਂ ਨੂੰ ਵੀ ਆਰਜ਼ੀ ਐਫੀਲੀਏਸ਼ਨ ਦਾ ਮਿਲੇਗਾ ਮੌਕਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੌਜੂਦਾ ਵਿੱਦਿਆ ਸੈਸ਼ਨ 2019-20 ਤੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆ ਲੈਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਜਾਰੀ ਸੂਚਨਾ ਅਨੁਸਾਰ ਦਸਵੀਂ ਅਤੇ ਸੀਨੀਅਰ ਸੈਕੰਡਰੀ ਦੇ ਨਾਲ-ਨਾਲ ਹੁਣ ਪੰਜਵੀਂ ਅਤੇ ਅੱਠਵੀਂ ਪੱਧਰ ’ਤੇ ਵੀ ਸਾਲਾਨਾ ਪ੍ਰੀਖਿਆਵਾਂ ਲੈਣ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਸਕੂਲ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਦੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੀ ਸੂਚਨਾ ਨੂੰ ਆਧਾਰ ਬਣਾ ਕੇ ਪੰਜਵੀਂ ਅਤੇ ਅੱਠਵੀਂ ਪੱਧਰ ਦੇ ਸਕੂਲਾਂ ਨੂੰ ਸ਼ਨਾਖ਼ਤੀ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਾਈਸ ਚੇਅਰਮੈਨ ਵੱਲੋਂ ਜਾਰੀ ਕੀਤੀ ਗਈ ਸੂਚਨਾ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਿੱਖਿਆ ਬੋਰਡ ਕੋਲ ਪਹਿਲਾਂ ਹੀ ਮਾਨਤਾ ਪ੍ਰਾਪਤ ਦਸਵੀਂ ਅਤੇ ਬਾਰ੍ਹਵੀਂ ਪੱਧਰ ਦੇ ਸਕੂਲਾਂ ਨੂੰ ਵੱਖਰੀ ਮਾਨਤਾ ਦੀ ਕੋਈ ਲੋੜ ਨਹੀਂ ਹੈ। ਇਸ ਵਿੱਚ ਸਰਕਾਰੀ, ਏਡਿਡ, ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲ ਸ਼ਾਮਲ ਹਨ। ਨਵੀਂ ਬੋਰਡ ਪ੍ਰੀਖਿਆ ਦੇ ਐਲਾਨ ਦੇ ਨਾਲ-ਨਾਲ ਸਿੱਖਿਆ ਬੋਰਡ ਨੇ ਅਜਿਹੇ ਸਕੂਲਾਂ ਨੂੰ ਅਕਾਦਮਿਕ ਸਾਲ 2019-20 ਲਈ ਆਰਜ਼ੀ ਮਾਨਤਾ ਲੈਣ ਦਾ ਮੌਕਾ ਦਿੱਤਾ ਹੈ ਜੋ ਨਿਰੋਲ ਪੰਜਵੀਂ ਅਤੇ ਅੱਠਵੀਂ ਪੱਧਰ ਤੱਕ ਹੀ ਹਨ ਅਤੇ ਕਿਸੇ ਵੀ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਨਹੀਂ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਮਾਨਤਾ ਲਈ ਬੋਰਡ ਦੀ ਸਾਈਟ ’ਤੇ ਐਫੀਲੀਏਸ਼ਨ ਬ੍ਰਾਂਚ ਦੇ ਪੋਰਟਲ ਅਧੀਨ ਫਾਰਮ ਭਰੇ ਜਾ ਸਕਦੇ ਹਨ। ਇਸ ਆਰਜ਼ੀ ਮਾਨਤਾ ਲਈ 30 ਸਤੰਬਰ ਤੱਕ ਹੀ ਫਾਰਮ ਭਰੇ ਜਾਣਗੇ। ਬੋਰਡ ਦੇ ਇਸ ਫੈਸਲੇ ਨਾਲ ਅਜਿਹੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਲ ਦੀ ਘੜੀ ਸੰਜੀਵਨੀ ਬੂਟੀ ਮਿਲ ਗਈ ਹੈ ਜੋ ਸਿੱਖਿਆ ਅਧਿਕਾਰ ਨਿਯਮ ਤਹਿਤ ਕਿਸੇ ਵੀ ਕਿਸਮ ਦੀ ਮਾਨਤਾ ਰਹਿਤ ਅਦਾਰਿਆਂ ਵਿੱਚ ਪੜ੍ਹਾਈ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਛੋਟੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮੰਤਵ ਨਾਲ ਦਸਵੀਂ ਅਤੇ ਬਾਰ੍ਹਵੀਂ ਵਾਂਗ ਅਗਲੇ ਸਾਲ 2020 ਤੋਂ ਪੰਜਵੀਂ ਅਤੇ ਅੱਠਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈਆਂ ਜਾਣਗੀਆਂ। ਪਹਿਲਾਂ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਸਨ ਪ੍ਰੰਤੂ 9 ਸਾਲ ਪਹਿਲਾਂ 2010 ਵਿੱਚ ਰਾਈਟ ਟੂ ਐਜੂਕੇਸ਼ਨ ਸਕੀਮ ਤਹਿਤ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਪਾਸ ਕਰਨ ਦਾ ਫੈਸਲਾ ਲਿਆ ਗਿਆ ਸੀ। ਸਰਕਾਰੀ ਚਿੱਠੀ ਮਿਲਣ ਤੋਂ ਬਾਅਦ ਬੋਰਡ ਨੇ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਲੈਣੀ ਬੰਦ ਕਰ ਦਿੱਤੀ ਸੀ। (ਬਾਕਸ ਆਈਟਮ) ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਪਿਛਲੇ ਦਿਨੀਂ ਵੱਖ ਵੱਖ ਸ਼ਾਖਾਵਾਂ ਦੇ ਇੰਚਾਰਜਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਅਗਲੇ ਸਾਲ ਤੋਂ ਲਈ ਜਾਣ ਵਾਲੀਆਂ ਪ੍ਰੀਖਿਆਵਾਂ ਬਾਰੇ ਅਗਾਊਂ ਤਿਆਰੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਇਨ੍ਹਾਂ ਜਮਾਤਾਂ ਦੀ ਪ੍ਰੀਖਿਆ ਲਈ ਬਣਾਈਆਂ ਜਾਣ ਵਾਲੀਆਂ ਨਵੀਆਂ ਪ੍ਰੀਖਿਆ ਸ਼ਾਖਾਵਾਂ ਲਈ ਲੋੜੀਂਦੇ ਕਰਮਚਾਰੀ ਮੁਹੱਈਆ ਕਰਵਾਉਣ ਲਈ ਨੀਤੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ