
ਪੰਜਾਬ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ, ਕੁੜੀਆਂ ਰਹੀ ਮੋਹਰੀ, ਬੋਰਡ ਦੇਵੇਗਾ ਨਗਰ ਪੁਰਸਕਾਰ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2017 ਵਿੱਚ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਰੂਤੀ ਵੋਹਰਾ ਨੇ 650 ’ਚੋਂ 642 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਸ਼ਰੂਤੀ ਵੋਹਰਾ ਨੂੰ 98.77 ਫੀਸਦੀ ਅੰਕ ਹਾਸਿਲ ਹੋਏ ਹਨ। ਦੂਜੇ ਨੰਬਰ ’ਤੇ ਰਹੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਿਊ ਸ਼ਿਮਲਾਪੁਰੀ ਲੁਧਿਆਣਾ ਦੇ ਵਿਦਿਆਰਥੀ ਅਮਿਤ ਯਾਦਵ ਨੇ 641 ਅੰਕ ਹਾਸਿਲ ਕੀਤੇ ਹਨ। ਜਦੋਂ ਕਿ ਇਸੇ ਸਕੂਲ ਦੀ ਵਿਦਿਆਰਥਣ ਸਿੱਮੀ ਕੁਮਾਰੀ 639 ਅੰਕ ਹਾਸਿਲ ਕਰਕੇ ਤੀਜੇ ਸਥਾਨ ਤੇ ਰਹੀ ਹੈ।
ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਇਸੇ ਤਰ੍ਹਾਂ ਸਪੋਰਟਸ ਕੋਟੇ ਦੇ ਐਲਾਨੇ ਗਏ ਨਤੀਜੇ ਵਿੱਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਾਲੋਨੀ ਲੁਧਿਆਣਾ ਦੇ ਵਿਦਿਆਰਥੀ ਅਮਨਦੀਪ ਵਰਮਾ ਨੇ 644 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਇਸੇ ਸਕੂਲ ਦੀ ਵਿਦਿਆਰਥਣ ਜੋਤੀ ਪਵਾਰ 641 ਅੰਕ ਹਾਸਿਲ ਕਰਕੇ ਦੂਜੇ ਸਥਾਨ ਤੇ ਰਹੀ ਹੈ ਅਤੇ ਪਲੇ-ਵੇਜ ਸੀਨੀਅਰ ਸੈਕੰਡਰੀ ਸਕੂਲ ਲਾਹੌਰੀ ਗੇਟ ਪਟਿਆਲਾ ਦੀ ਵਿਦਿਆਰਥਣ ਨੈਨਸੀ 639 ਅੰਕ ਹਾਸਿਲ ਕਰਕੇ ਤੀਜੇ ਸਥਾਨ ਤੇ ਰਹੀ ਹੈ।
ਸ੍ਰੀ ਢੋਲ ਨੇ ਅੱਜ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਵਾਰ ਕੁਲ 330437 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋੱ 190001 ਵਿਦਿਆਰਥੀ ਪਾਸ (57.50 ਫੀਸਦੀ) ਐਲਾਨੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਤੋੱ ਕਾਫੀ ਵੱਧ ਰਹੀ ਹੈ। ਇਸ ਵਾਰ ਜਿੱਥੇ 146458 ਕੁੜੀਆਂ ਵਿੱਚੋੱ 93686 ਕੁੜੀਆਂ (63.94 ਫੀਸਦੀ) ਪਾਸ ਹੋਈਆਂ ਹਨ ਉਥੇ 183979 ਮੁੰਡਿਆਂ ’ਚੋਂ 96315 (52.35 ਫੀਸਦੀ ) ਮੁੰਡੇ ਹੀ ਪਾਸ ਹੋਣ ਵਿੱਚ ਕਾਮਯਾਬ ਰਹੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋੱ ਐਲਾਨੇ ਗਏ ਨਤੀਜਿਆਂ ਵਿੱਚ 37963 ਵਿਦਿਆਰਥੀਆਂ 80 ਫੀਸਦੀ ਜਾਂ ਉਸ ਤੋਂ ਵੱਧ ਅੰਕ ਲੈਣ ਵਿੱਚ ਕਾਮਯਾਬ ਰਹੇ ਹਨ। ਬੋਰਡ ਵਲੋੱ ਐਲਾਨੀ ਗਈ 379 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਲੁਧਿਆਣਾ ਜਿਲ੍ਹੇ ਦੇ 113 ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਥਾਂ ਹਾਸਿਲ ਹੋਈ ਹੈ ਜਦੋਂ ਕਿ ਐਸਏਐਸ ਨਗਰ ਜ਼ਿਲ੍ਹੇ ਦੇ ਸਿਰਫ 2 ਵਿਦਿਆਰਥੀ ਹੀ ਇਸ ਵਿੱਚ ਥਾਂ ਹਾਸਲ ਕਰ ਪਾਏ ਹਨ। ਇਸ ਸੂਚੀ ਵਿੱਚ ਪਟਿਆਲਾ ਦੇ 52, ਸੰਗਰੂਰ ਦੇ 27, ਅੰਮ੍ਰਿਤਸਰ ਦੇ 23, ਹੁਸ਼ਿਆਰਪੁਰ ਦੇ 21, ਮੋਗਾ ਦੇ 18, ਜਲੰਧਰ ਦੇ 15, ਬਰਨਾਲਾ ਅਤੇ ਫਰੀਦਕੋਟ ਦੇ 13-13, ਗੁਰਦਾਸਪੁਰ ਦੇ 12, ਸ਼ਹੀਦ ਭਗਤ ਸਿੰਘ ਨਗਰ ਦੇ 11, ਫਤਿਹਗੜ੍ਹ ਸਾਹਿਬ ਦੇ 10, ਬਠਿੰਡਾ ਦੇ 9, ਮਾਨਸਾ ਅਤੇ ਤਰਨਤਾਰਨ ਦੇ 8-8, ਰੂਪਨਗਰ ਦੇ 6, ਫਿਰੋਜਪੁਰ ਦੇ 5, ਕਪੂਰਥਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ 4-4, ਪਠਾਨਕੋਟ ਦੇ 3 ਅਤੇ ਫਾਜਿਲਕਾ ਅਤੇ ਐਸ਼ ਏ ਐਸ਼ ਨਗਰ ਦੇ 2-2, ਵਿਦਿਆਰਥੀ ਇਸ ਸੂਚੀ ਵਿੱਚ ਹਨ।
ਸ੍ਰੀ ਢੋਲ ਨੇ ਦੱਸਿਆ ਕਿ ਵਿਦਿਆਰਥੀ ਆਪਣਾ ਨਤੀਜਾ ਭਲਕੇ 23 ਮਈ ਨੂੰ ਸਵੇਰੇ 9 ਵਜੇ ਤੋਂ ਬਾਅਦ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ’ਤੇ ਦੇਖ ਸਕਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਤੀਜਾ ਛਾਪ ਰਹੀਆਂ ਫਰਮਾਂ ਅਤੇ ਇਸ ਨਾਲ ਸਬੰਧਤ ਕੋਈ ਵੀ ਸੰਸਥਾ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜੇ ਦੇ ਛਪਣ ਵਿੱਚ ਕਿਸੇ ਗਲਤੀ ਲਈ ਜ਼ਿੰਮੇਵਾਰ ਨਹੀਂ ਹੈ। ਘੋਸ਼ਿਤ ਕੀਤਾ ਗਿਆ ਨਤੀਜਾ ਕੇਵਲ ਤੇ ਕੇਵਲ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਇਸ ਨੂੰ ਅਸਲ ਨਤੀਜਾ ਨਹੀਂ ਮੰਨਿਆ ਜਾ ਸਕਦਾ ਹੈ। ਅਸਲ ਨਤੀਜਾ ਕਾਰਡ ਬੋਰਡ ਵੱਲੋਂ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ।
ਸਬੰਧਤ ਤਸਵੀਰ: 10, ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਦਸਵੀਂ ਦਾ ਨਤੀਜਾ ਘੋਸ਼ਿਤ ਕਰਦੇ ਹੋਏ।