
ਪੰਜਾਬ ਬੋਰਡ ਨੇ ਜੌਗਰਫ਼ੀ ਦੀਆਂ ਕਿਤਾਬਾਂ ਭੇਜੀਆਂ ਨਹੀਂ, 40 ਫੀਸਦੀ ਪ੍ਰਯੋਗੀ ਅੰਕ ਘਟਾਏ
ਜੌਗਰਫ਼ੀ ਟੀਚਰਜ਼ ਯੂਨੀਅਨ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਬੋਰਡ ਮੁਖੀ ਨੂੰ ਪੱਤਰ ਲਿਖੇ
ਨਬਜ਼-ਏ-ਪੰਜਾਬ, ਮੁਹਾਲੀ, 24 ਜੁਲਾਈ:
ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੌਗਰਫ਼ੀ ਵਿਸ਼ੇ ਦੇ 11ਵੀਂ ਅਤੇ 12ਵੀਂ ਜਮਾਤ ਦੀਆਂ ਕਿਤਾਬਾਂ ਸਕੂਲਾਂ ਵਿੱਚ ਨਾ ਭੇਜਣ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਪ੍ਰਯੋਗੀ ਅੰਕ ਘਟਾਉਣ ਦੇ ਮੁੱਦੇ ’ਤੇ ਹੁਕਮਰਾਨਾਂ ਦਾ ਬੂਹਾ ਖੜਕਾਇਆ ਹੈ। ਜਥੇਬੰਦੀ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਪੰਜਾਬ ਬੋਰਡ ਮੁਖੀ, ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਐੱਸਸੀਈਆਰਟੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਜੌਗਰਫੀ (ਭੂਗੋਲ) ਵਿਸ਼ੇ ਦੀਆਂ 11ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਕਿਤਾਬਾਂ ਕਈ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਨਹੀਂ ਪੁੱਜੀਆਂ ਹਨ ਜਦੋਂਕਿ ਵਿੱਦਿਅਕ ਵਰ੍ਹੇ ਦੇ ਪਹਿਲੇ ਚਾਰ ਮਹੀਨੇ ਬੀਤ ਚੁੱਕੇ ਹਨ।
ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਸਿੱਖਿਆ ਬੋਰਡ ਨੇ ਜੌਗਰਫ਼ੀ ਵਿਸ਼ੇ ਦੇ ਪ੍ਰੈਕਟੀਕਲ, ਸ਼੍ਰੇਣੀ ਬਾਰ੍ਹਵੀਂ ਬਾਰੇ ਬਿਨਾਂ ਕਿਸੇ ਤਰਕ ਅਤੇ ਠੋਸ ਆਧਾਰ ਦੇ ਫ਼ੈਸਲਾ ਲੈਂਦੇ ਹੋਏ ਸੈਸ਼ਨ 2023-24 ਵਿੱਚ ਪ੍ਰੈਕਟੀਕਲ ਦੇ 10 ਅੰਕ (40 ਫੀਸਦੀ) ਘਟਾ ਦਿੱਤੇ ਹਨ ਅਤੇ ਥਿਊਰੀ ਦੇ 10 ਅੰਕ ਵਧਾ ਕੇ 70 ਤੋਂ 80 ਅੰਕ ਕਰਕੇ ਇਸ ਨੂੰ ਬਿਨਾ ਪ੍ਰੈਕਟੀਕਲ ਵਿਸ਼ਿਆਂ ਨਾਲ ਜੋੜ ਕੇ 80 ਅੰਕ ਅਤੇ 20 ਅੰਕ ਕਰ ਦਿੱਤੇ ਹਨ। ਜਿਸ ਨਾਲ ਵਿਦਿਆਰਥੀਆਂ ਦਾ ਵਿੱਦਿਅਕ ਨੁਕਸਾਨ ਹੋਵੇਗਾ। ਜਿਸ ਕਾਰਨ ਜੌਗਰਫ਼ੀ ਦੇ ਵਿਦਿਆਰਥੀਆਂ ਅਤੇ ਲੈਕਚਰਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਬਿਨਾਂ ਪ੍ਰੈਕਟੀਕਲ ਵਿਸ਼ੇ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕੋਈ ਵਾਧੂ ਮਿਹਨਤ ਕੀਤੇ ਸਿੱਧੇ ਹੀ ਇੰਟਰਨਲ ਐੱਸਸਮੈਂਟ ਵਾਲੇ 20 ਅੰਕ ਮਿਲ ਜਾਣਗੇ ਜਦੋਂਕਿ ਜੌਗਰਫ਼ੀ ਵਿਸ਼ੇ ਵਾਲਿਆਂ ਨੂੰ ਬਕਾਇਦਾ ਪ੍ਰੈਕਟੀਕਲ ਅਭਿਆਸ ਕਰਕੇ ਅਤੇ ਫੀਲਡ ਵਿੱਚ ਜਾ ਕੇ ਇਹ ਅੰਕ ਮਿਲਣਗੇ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਬੋਰਡ ਵੱਲੋਂ ਜੌਗਰਫ਼ੀ ਵਿਸ਼ੇ ਤੋਂ ਬਿਨਾਂ ਹੋਰ ਕਿਸੇ ਵੀ ਪ੍ਰੈਕਟੀਕਲ ਵਿਸ਼ੇ ਦੇ ਪ੍ਰਯੋਗੀ ਅੰਕਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਨ੍ਹਾਂ ਸਾਇੰਸ ਪ੍ਰਯੋਗੀ ਵਿਸ਼ਿਆਂ ਵਾਲਿਆਂ ਦੇ 70 ਅੰਕ ਥਿਊਰੀ, 25 ਅੰਕ ਪ੍ਰੈਕਟੀਕਲ ਅਤੇ 5 ਅੰਕ ਇੰਟਰਨਲ ਐੱਸਸਮੈਂਟ ਦੇ ਹੀ ਰਹਿਣ ਦਿੱਤੇ ਗਏ ਹਨ।
ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਮੀਤ ਪ੍ਰਧਾਨ ਨਰੇਸ਼ ਸਲੂਜਾ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨ ਸੰਗਰੂਰ, ਅਬਦਰ ਰਸ਼ੀਦ ਹਾਂਡਾ ਰੂਪਨਗਰ, ਤੇਜਪਾਲ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ, ਕੈਸ਼ੀਅਰ ਚਮਕੌਰ ਸਿੰਘ ਮੋਗਾ, ਜਸਵਿੰਦਰ ਸਿੰਘ ਸੰਧੂ ਨਵਾਂ ਸ਼ਹਿਰ, ਅਵਤਾਰ ਸਿੰਘ ਬਲਿੰਗ, ਤੇਜਵੀਰ ਸਿੰਘ ਫਾਜ਼ਿਲਕਾ, ਹਰਜੋਤ ਸਿੰਘ ਬਰਾੜ, ਸ਼ੰਕਰ ਲਾਲ ਬਠਿੰਡਾ, ਗੁਰਸੇਵਕ ਸਿੰਘ ਅਨੰਦਪੁਰ ਸਾਹਿਬ, ਪਰਮਜੀਤ ਸਿੰਘ ਸੰਧੂ ਮੁਹਾਲੀ ਅਤੇ ਗੁਰਮੇਲ ਸਿੰਘ ਰਹਿਲ ਪਟਿਆਲਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਬੋਰਡ ਮੁਖੀ ਤੋਂ ਮੰਗ ਕੀਤੀ ਹੈ ਕਿ ਜੌਗਰਫ਼ੀ ਵਿਸ਼ੇ ਨੂੰ ਬਾਰ੍ਹਵੀਂ ਪੱਧਰ ’ਤੇ ਸੈਸ਼ਨ 2023-24 ਲਈ ਬਾਕੀ ਪ੍ਰੈਕਟੀਕਲ ਵਿਸ਼ਿਆਂ ਵਾਂਗ ਹੀ 70 ਅੰਕ ਥਿਊਰੀ, 25 ਅੰਕ ਪ੍ਰੈਕਟੀਕਲ ਅਤੇ 5 ਅੰਕ ਇੰਟਰਨਲ ਐੱਸਸਮੈਂਟ ਦੇ ਬਹਾਲ ਕਰਕੇ ਬਰਕਰਾਰ ਰੱਖਿਆ ਜਾਵੇ ਅਤੇ ਸਕੂਲਾਂ ਵਿੱਚ ਜੌਗਰਫ਼ੀ ਵਿਸ਼ੇ ਦੀਆਂ ਕਿਤਾਬਾਂ ਭੇਜਣ ਦੇ ਤੁਰੰਤ ਯੋਗ ਪ੍ਰਬੰਧ ਕੀਤੇ ਜਾਣ।