Nabaz-e-punjab.com

ਸੁਨਹਿਰੀ ਮੌਕਾ: ਖਿੱਲੀ ਉੱਡਣ ਤੋਂ ਬਾਅਦ ਪੰਜਾਬ ਬੋਰਡ ਨੇ ਰਾਤ ਨੂੰ ਭੇਜਿਆ ਸਪੱਸ਼ਟੀਕਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣਾ ਖ਼ਜਾਨਾ ਭਰਨ ਲਈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਆਪਣੀ ਗੋਲਡਨ ਜੁਬਲੀ ਦੇ ਮੱਦੇਨਜ਼ਰ ਮਾਰਚ 2004 ਅਤੇ ਇਸ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀਅਪੀਅਰ ਹੋਣ ਦਾ ‘ਸੁਨਹਿਰੀ ਮੌਕਾ’ ਦੇਣ ਦੀ ਆੜ ਵਿੱਚ ਵਿਦਿਆਰਥੀਆਂ ਤੋਂ ਫੀਸ ਦੇ ਰੂਪ ਵਿੱਚ ਮੋਟੀ ਰਕਮ ਵਸੂਲਣ ਬਾਰੇ ਮੀਡੀਆ ਵਿੱਚ ਖਬਰ ਪ੍ਰਕਾਸ਼ਿਤ ਹੋਣ ਕਾਰਨ ਜਨਤਕ ਤੌਰ ’ਤੇ ਸਕੂਲ ਬੋਰਡ ਦੀ ਵੱਡੇ ਪੱਧਰ ’ਤੇ ਖਿੱਲੀ ਉੱਡੀ ਹੈ। ਉਧਰ, ਸ਼ੁੱਕਰਵਾਰ ਦੇਰ ਰਾਤ ਕਰੀਬ ਪੌਣੇ 9 ਵਜੇ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਅਤੇ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਨੇ ਬੋਰਡ ਮੈਨੇਜਮੈਂਟ ਦਾ ਪੱਖ ਰੱਖਦਿਆਂ ਐਲਾਨੇ ਗਏ ਸੁਨਹਿਰੀ ਮੌਕੇ ਦੀ ਫੀਸ ਸਬੰਧੀ ਖੇਤਰ ’ਚੋਂ ਪ੍ਰਾਪਤ ਹੋਏ ਕੁਝ ਪ੍ਰਤੀਕਰਮਾਂ ਬਾਰੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ ਫੀਸ ਸਿਰਫ਼ ਉਚੇਚਾ ਮੌਕਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਲਈ ਹੀ ਹੋਵੇਗੀ ਅਤੇ ਇਸ ਦਾ ਰੈਗੂਲਰ ਜਾਂ ਹੋਰ ਕਿਸੇ ਕਿਸਮ ਦੇ ਵਿਦਿਆਰਥੀਆਂ ਨਾਲ ਕੋਈ ਸਬੰਧ ਨਹੀਂ ਹੈ।
ਸ੍ਰੀ ਮਹਿਰੋਕ ਨੇ ਸਪੱਸ਼ਟ ਕੀਤਾ ਕਿ ਉਚੇਚੇ ਮੌਕੇ ਲਈ ਸਕੂਲ ਬੋਰਡ ਵੱਲੋਂ ਦਸਵੀਂ ਪੱਧਰ ਦੇ 43 ਵੱਖੋ-ਵੱਖ ਵਿਸ਼ਿਆਂ ਦੇ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ 59 ਵਿਸ਼ਿਆਂ ਦੀਆ ਪ੍ਰੀਖਿਆਵਾਂ ਲਈਆਂ ਜਾਣੀਆਂ ਹਨ ਅਤੇ ਇਹ ਉਚੇਚਾ ਮੌਕਾ ਸਾਲ 2004 ਤੋਂ ਪੜ੍ਹਾਈ ਛੱਡ ਚੁੱਕੇ ਜਾਂ ਡਵੀਜ਼ਨ ਸੁਧਾਰ ਦੇ ਇੱਛੁਕਾਂ ਲਈ ਹੋਵੇਗਾ। ਜਿਸ ਨਾਲ ਖਾਸਕਰ ਪੇਂਡੂ ਤੇ ਪਛੜੇ ਇਲਾਕਿਆਂ ਦੇ ਲੋੜਵੰਦਾਂ ਨੂੰ ਮੌਕਾ ਪ੍ਰਾਪਤ ਹੋਵੇਗਾ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਬੋਰਡ ਵੱਲੋਂ ਐਲਾਨੀ ਗਈ ਫੀਸ, ਪੰਜਾਬੀ ਯੂਨੀਵਰਸਿਟੀ ਵੱਲੋਂ ਉਚੇਚੇ ਮੌਕੇ ਲਈ ਐਲਾਨੀ ਗਈ 35 ਹਜ਼ਾਰ ਰੁਪਏ ਫੀਸ ਦੇ ਅੱਧੇ ਤੋਂ ਵੀ ਘੱਟ ਹੈ ਪਰ ਬੋਰਡ ਵੱਲੋਂ ਦਿੱਤੀਆਂ ਜਾਂਦੀਆਂ ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਮੱਦੇਨਜ਼ਰ ਇਸ ਕਾਰਵਾਈ ਦਾ ਸਵਾਗਤ ਕੀਤਾ ਜਾਣਾ ਹੀ ਬਣਦਾ ਸੀ।
ਬੋਰਡ ਅਧਿਕਾਰੀ ਨੇ ਕਿਹਾ ਕਿ ਕਾਰਗੁਜ਼ਾਰੀ ਵਧਾਉਣ ਅਤੇ ਪਾਸ ਹੋਣ ਲਈ ਉਚੇਚਾ ਮੌਕਾ ਦੇਣਾ ਸੱਭਿਅਕ ਤੇ ਪੜ੍ਹਿਆ-ਲਿਖਿਆ ਸਮਾਜ ਸਿਰਜਣ ਦੀ ਰਾਹ ਵਿੱਚ ਵੱਡਾ ਉਤਸ਼ਾਹੀ ਕਦਮ ਸਿੱਧ ਹੋਵੇਗਾ ਜੋ ਕਿ ਬੋਰਡ ਵੱਲੋਂ ਅਹਿਮ ਮੌਕਿਆਂ ’ਤੇ ਦਿੱਤੇ ਜਾਂਦੇ ਉਚੇਚੇ ਮੌਕਿਆਂ ਦੀ ਰਾਹ ਵਿੱਚ ਹੀ ਇਕ ਹੋਰ ਪ੍ਰਾਪਤੀ ਵਰਗਾ ਕਦਮ ਹੈ।

Load More Related Articles

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…