
ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਪੰਜਾਬ ਦਾ ਬਜਟ ਲੋਕਪੱਖੀ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੇਸ਼ ਕੀਤੇ ਬਜਟ-2023 ਸਹੀ ਮਾਅਨਿਆਂ ਦੇ ਵਿਚ ਲੋਕ-ਪੱਖੀ ਹੈ, ਇਸ ਨਾਲ ਹੁਣ ਪੰਜਾਬ ਵਿਕਾਸ ਦੇ ਨਵੇਂ ਰਾਹ ਤੇ ਤੁਰੇਗਾ ਅਤੇ ਇਸ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਲੋਕ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਖੋਲ੍ਹੇ ਜਾ ਚੁੱਕੇ ਮੁਹੱਲਾ ਕਲੀਨਿਕਾਂ ਤੋਂ ਲੱਖਾਂ ਹੀ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਨਵੇਂ ਪੰਜਾਬ ਵਿੱਤੀ ਬਜਟ 2023 ਦੇ ਮੁਤਾਬਕ 142 ਹੋਰ ਮੁਹੱਲਾ ਕਲੀਨਿਕ ਪੰਜਾਬ ਭਰ ਵਿੱਚ ਖੋਲ੍ਹੇ ਜਾਣੇ ਹਨ। ਉਨ੍ਹਾਂ ਕਿਹਾ ਕਿ ਵਿੱਤੀ ਬਜਟ ਮੁਤਾਬਕ ਡਰੱਗ ਕੰਟਰੋਲ ਦੇ ਲਈ 40 ਕਰੋੜ ਰੁਪਏ, 15 ਸਨਅਤੀ ਪਾਰਕ ਵਿਕਸਿਤ ਕਰਨ, ਸਿਹਤ ਸੇਵਾਵਾਂ ਦੇ ਉੱਪਰ 4 ਹਜ਼ਾਰ 781 ਕਰੋੜ ਰੁਪਏ, ਸਕੈਂਡਰੀ ਸਿਹਤ ਸੇਵਾਵਾਂ ਲਈ 39 ਕਰੋੜ ਰੁਪਏ, ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ 60 ਕਰੋੜ ਰੁਪਏ ਦਾ ਵਜ਼ੀਫ਼ਾ, ਖੇਡਾਂ ਲਈ 258 ਕਰੋੜ ਰੁਪਏ, ਸੁਰੱਖਿਆ ਬਲਾਂ ਦੇ ਲਈ 64 ਕਰੋੜ ਰੁਪਏ, ਪਸ਼ੂ ਪਾਲਣ ਵਿਭਾਗ ਦੇ ਲਈ 605 ਕਰੋੜ ਰੁਪਏ ਬਜਟ ਦੇ ਵਿੱਚ ਰੱਖੇ ਗਏ ਹਨ। ਸਾਲ 2023-2024 ਦੇ ਵਿੱਚ 1 ਕਰੋੜ ਪੌਦੇ ਲਗਾਏ ਜਾਣਗੇ ਤਾਂ ਕੇ ਵਾਤਾਵਰਨ ਨੂੰ ਸਾਫ਼ ਰੱਖਿਆ ਜਾ ਸਕੇ।