nabaz-e-punjab.com

ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਹੋ ਰਹੀ ਦੇਰੀ ਕਾਰਨ ਕੈਪਟਨ ਸਰਕਾਰ ਦਾ ਕੰਮ ਪ੍ਰਭਾਵਿਤ

ਵੱਖ ਵੱਖ ਸਰਕਾਰੀ ਵਿਭਾਗਾਂ ਨੂੰ ਹੁਣ ਵੀ ਹੈ ਆਪਣੇ ਮੰਤਰੀਆਂ ਦੀ ਉਡੀਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਪੰਜਾਬ ਵਿੱਚ ਸਵਾ ਸਾਲ ਪਹਿਲਾਂ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀਆਂ ਦੇ ਖਾਲੀ ਪਏ ਅਹੁਦੇ ਭਰਨ ਲਈ ਮੰਤਰੀ ਮੰਡਲ ਦੇ ਵਿਸਤਾਰ ਦੀਆਂ ਕਿਆਸਅਰਾਈਆਂ ਤਾਂ ਬਹੁਤ ਵਾਰ ਲੱਗ ਚੁੱਕੀਆਂ ਹਨ ਅਤੇ ਮੀਡੀਆ ਵਿੱਚ ਇਸ ਗੱਲ ਦੀ ਵੀ ਪੂਰੀ ਪੂਰੀ ਚਰਚਾ ਹੈ ਕਿ ਫਲਾਂ ਫਲਾਂ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਹੈ ਪ੍ਰੰਤੂ ਮੰਤਰੀ ਮੰਡਲ ਦਾ ਇਹ ਪ੍ਰਸਤਾਵਿਤ ਵਾਧਾ ਕਿਸੇ ਨਾ ਕਿਸੇ ਬਹਾਨੇ ਟਲਦਾ ਹੀ ਆ ਰਿਹਾ ਹੈ। ਪੰਜਾਬ ਮੰਤਰੀ ਮੰਡਲ ਵਿੱਚ ਇਸ ਵੇਲੇ ਮੁੱਖ ਮੰਤਰੀ ਸਮੇਤ ਕੁਲ 9 ਮੰਤਰੀ ਕੰਮ ਕਰ ਰਹੇ ਹਨ ਜਦੋਂਕਿ ਵਿਧਾਨ ਸਭਾ ਦੇ ਕੁਲ ਮੈਂਬਰਾਂ ਦੇ 15 ਫੀਸਦੀ ਦੇ ਅਨੁਪਾਤ ਅਨਸਾਰ ਸੂਬੇ ਵਿੱਚ ਮੁੱਖ ਮੰਤਰੀ ਸਮੇਤ ਕੁਲ 18 ਮੰਤਰੀ ਬਣਾਏ ਜਾ ਸਕਦੇ ਹਨ ਅਤੇ ਇਸ ਵੇਲੇ ਸਰਕਾਰ ਵਿੱਚ ਉਸ ਦੀ ਸਮਰਥਾ ਦੇ ਅੱਧੇ ਮੰਤਰੀ ਹੀ ਕੰਮ ਕਰ ਰਹੇ ਹਨ।
ਜਾਹਿਰ ਤੌਰ ’ਤੇ ਮੰਤਰੀਆਂ ਦੀ ਇਸ ਕਮੀ ਦਾ ਅਸਰ ਵੱਖ ਵੱਖ ਵਿਭਾਗਾਂ ਦੀ ਕਾਰਗੁਜਾਰੀ ਤੇ ਪੈਂਦਾ ਹੈ। ਇਸ ਵੇਲੇ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਲਗਾਤਾਰ ਵੱਧਦੀਆਂ ਕਿਸਾਨ ਖ਼ੁਦਕੁਸ਼ੀਆਂ ਰੋਕਣਾ ਹੈ ਪ੍ਰੰਤੂ ਮੌਜੂਦਾ ਹਾਲਾਤ ਇਹ ਹਨ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਪੂਰੇ ਸਮੇਂ ਦਾ ਖੇਤੀ ਮੰਤਰੀ ਹੀ ਨਹੀਂ ਹੈ। ਸੂਬੇ ਦੇ ਨੌਜਵਾਨਾਂ ਦੇ ਸਭ ਤੋਂ ਵੱਡੇ ਮੁੱਦੇ ਬੇਰੁਜ਼ਗਾਰੀ ਦੇ ਹੱਲ ਵਾਸਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਰੁਜ਼ਗਾਰ ਉਤਪਤੀ ਵਿਭਾਗ ਦਾ ਭਾਰ ਤਾਂ ਹੈ ਪ੍ਰੰਤੂ ਸਰਕਾਰ ਹੁਣ ਤਕ ਨਵੇਂ ਰੁਜ਼ਗਾਰ ਸਿਰਜਣ ਵਿੱਚ ਨਾਕਾਮ ਹੀ ਰਹੀ ਹੈ। ਉਦਯੋਗ, ਐਕਸਾਈਜ, ਖੇਡਾਂ ਵਰਗੇ ਅਹਿਮ ਵਿਭਾਗ ਵੀ ਹੁਣ ਤੱਕ ਆਪਣੇ ਵੱਖਰੇ ਮੰਤਰੀ ਦੀ ਉਡੀਕ ਵਿੱਚ ਹੀ ਹਨ।
ਉਧਰ, ਦੂਜੇ ਪਾਸੇ ਮੰਤਰੀ ਮੰਡਲ ਦੇ ਵਿਸਤਾਰ ਦਾ ਕੰਮ ਕਿਸੇ ਨਾ ਕਿਸੇ ਕਾਰਨ ਟਲਦਾ ਰਹਿਣ ਕਾਰਨ ਮੰਤਰੀ ਬਣਨ ਦੇ ਚਾਹਵਾਨ ਵਿਧਾਇਕਾਂ ਦੀ ਬੇਚੈਨੀ ਵੀ ਵੱਧ ਰਹੀ ਹੈ ਅਤੇ ਸੱਤਾਧਾਰੀ ਆਗੂਆਂ ਵਿੱਚ ਅੰਦਰਖਾਤੇ ਤਲਖੀ ਵਧਣੀ ਸ਼ੁਰੂ ਹੋ ਗਈ ਹੈ। ਪਾਰਟੀ ਦੇ ਚੁਣੇ ਹੋਏ ਵਿਧਾਇਕ ਇਹ ਆਮ ਸ਼ਿਕਾਇਤ ਕਰਦੇ ਦਿਖਦੇ ਹਨ ਕਿ ਉੱਚ ਅਧਿਕਾਰੀ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਮਨਮਰਜੀ ਨਾਲ ਹੀ ਕੰਮ ਕਰਦੇ ਹਨ। ਇਸ ਦੌਰਾਨ ਇਹ ਵੀ ਇਲਜਾਮ ਲੱਗਦਾ ਹੈ ਕਿ ਸਰਕਾਰੀ ਕੰਮ ਕਾਜ ਦੌਰਾਨ ਹੋਣ ਵਾਲਾ ਭ੍ਰਿਸ਼ਟਾਚਾਰ ਵੀ ਪਹਿਲਾਂ ਵਾਂਗ ਹੀ ਕਾਇਮ ਹੈ ਅਤੇ ਸਰਕਾਰ ਇਸ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਵਾਰ ਇਹ ਗੱਲ ਆਖੀ ਜਾ ਚੁੱਕੀ ਹੈ ਕਿ ਮੰਤਰੀ ਮੰਡਲ ਦਾ ਵਿਸਤਾਰ ਛੇਤੀ ਹੀ ਕੀਤਾ ਜਾਣਾ ਹੈ। ਇਸ ਸਬੰਧੀ ਇਹ ਵੀ ਚਰਚਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੀ ਮੰਤਰੀ ਬਣਾਏ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਇਹ ਵਾਧਾ ਕਦੋਂ ਹੋਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਇੰਨਾ ਤੈਅ ਹੈ ਕਿ ਮੰਤਰੀ ਮੰਡਲ ਵਿੱਚ ਹੋਣ ਵਾਲੇ ਵਾਧੇ ਨੂੰ ਹੋਰ ਜ਼ਿਆਦਾ ਲਮਕਾਉਣ ਦੀ ਕਾਰਵਾਈ ਨਾਲ ਸਰਕਾਰ ਦੇ ਕੰਮ ਕਾਜ ਤੇ ਨਾਂਹ ਪੱਖੀ ਅਸਰ ਪੈ ਰਿਹਾ ਹੈ ਅਤੇ ਜਦੋਂ ਤਕ ਵੱਖ ਵੱਖ ਵਿਭਾਗਾਂ ਵਾਸਤੇ ਮੰਤਰੀਆਂ ਦੀ ਤਾਇਨਾਤੀ ਨਹੀਂ ਹੋਵੇਗੀ ਸਰਕਾਰ ਦੇ ਕੰਮਕਾਜ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…