ਪੰਜਾਬ ਦੇ ਮੁੱਖ ਮੰਤਰੀ ਨੇ ‘ਪੰਜਾਬ ਸਟਾਰਟਅਪ ਐਂਡ ਇੰਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ’ ਤੋਂ ਪਰਦਾ ਉਠਾਇਆ

ਮਹਿਲਾ ਉਦਮੀਆਂ ਨੂੰ ਬੜ੍ਹਾਵਾ ਦੇਣ ਲਈ ਵਚਨਬੱਧਤਾ ਦੁਹਰਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਸਟਾਰਟਅਪ ਐਂਡ ਇੰਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ 2017’ ਦੇ ਖਰੜੇ ’ਤੋਂ ਪਰਦਾ ਉਠਾਉਂਦੇ ਹੋਏ ਆਪਣੀ ਸਰਕਾਰ ਦੀ ਬਿਜ਼ਨਸ ਸ਼ੁਰੂ ਕਰਨ ਵਾਲੀ ਮਹਿਲਾਵਾਂ ਨੂੰ ਪੂਰੀ ਤਰ੍ਹਾਂ ਮਦਦ ਦੇਣ ਦੀ ਵਚਨਬਧਤਾ ’ਤੇ ਜ਼ੋਰ ਦਿੱਤਾ ਹੈ। ਇਸ ਮਹੀਨੇ ਦੇ ਆਖਿਰ ਵਿੱਚ ਹੈਦਰਾਬਾਦ ਵਿਖੇ ਹੋਣ ਵਾਲੇ ਗਲੋਬਲ ਇੰਟਰਪ੍ਰਿਨਿਓਰਸ਼ਿਪ ਸਮਿਟ 2017 ਤੋਂ ਪਹਿਲਾਂ ‘ਰੋਡ ਟੂ ਜੀ.ਈ.ਐਸ.’ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਉਦਮਾਂ ਪ੍ਰਤੀ ਮਹਿਲਾਵਾਂ ਵਚਨਬੱਧਤਾ ਦੇ ਮਾਮਲੇ ’ਚ ਜ਼ਿਆਦਾ ਸਮਰਪਿਤ ਹਨ ਅਤੇ ਉਨ੍ਹਾਂ ਦੀ ਸਰਕਾਰ ਮਹਿਲਾਵਾਂ ਨੂੰ ਹਰ ਸੰਭਵ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖਾਸਕਰ ਮਹਿਲਾਵਾਂ ਵਿੱਚ ਸਨਅਤਕਾਰੀ ਦੇ ਸੱਭਿਆਚਾਰ ਨੂੰ ‘ਪੰਜਾਬ ਸਟਾਰਟਅਪ ਐਂਡ ਇੰਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ’ ਬੜ੍ਹਾਵਾ ਦੇਵੇਗੀ। ‘ਰੋਡ ਟੂ ਜੀ.ਈ.ਐਸ.’ ਪ੍ਰੋਗਰਾਮ ਮਹਿਲਾ ਉਦਮੀਆਂ ਦੇ ਸਸ਼ਕਤੀਕਰਨ ਅਤੇ ਜਸ ਫੈਲਾਉਣ ’ਤੇ ਕੇਂਦਰਿਤ ਸੀ ਜੋ ਕਿ ਨੀਤੀ ਆਯੋਗ ਨੇ ਐਫ.ਆਈ.ਸੀ.ਸੀ.ਆਈ. ਅਤੇ ਆਈ.ਐਸ.ਬੀ. ਦੀ ਭਾਈਵਾਲੀ ਨਾਲ ਆਯੋਜਿਤ ਕਰਾਇਆ ਸੀ। ਖਰੜਾ ਨੀਤੀ ਦੇ ਸਬੰਧ ਵਿੱਚ ਸੁਝਾਵਾਂ ਅਤੇ ਫੀਡਬੈਕ ਦੇਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗਪਤੀਆਂ ਲਈ ਸੂਬੇ ਨੂੰ ਮੁਕਾਬਲੇਬਾਜ਼ੀ ਵਾਲਾ ਬਣਾਉਣ ਵਾਸਤੇ ਆਪਣਾ ਧਿਆਨ ਦੇ ਰਹੀ ਹੈ। ਇਹ ਖਰੜਾ ਨੀਤੀ ਅਤੇ ਇਸ ਤੋਂ ਪਹਿਲਾਂ ਲਿਆਂਦੀ ਗਈ ਸਨਅਤੀ ਨੀਤੀ ਸੂਬੇ ਦੇ ਸਨਅਤੀ ਵਿਕਾਸ ਵਿੱਚ ਸਹੂਲਤ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉਦਯੋਗ ਦੇ ਵਾਸਤੇ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਉਣ ਲਈ ਦਰਾਂ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਹੋਰ ਵੀ ਕਦਮ ਚੁੱਕੇ ਗਏ ਹਨ। ਇਸ ਵਾਸਤੇ ਪ੍ਰੇਰਨਾ ਪੈਦਾ ਕਰਨ ਲਈ ‘ਪਹਿਲਾ ਬਿਜ਼ਨਸ ’ ਦਾ ਮੋਟੋ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੌਰਤਾਂ ਦੇ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਉਨ੍ਹਾਂ ਦੀ ਫੈਸਲਾ ਲੈਣ ਵਿੱਚ ਸ਼ਮੂਲੀਅਤ ਵਧਾਈ ਜਾ ਰਹੀ ਹੈ। ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਿਕ ਸੰਸਥਾਵਾਂ ਵਿੱਚ ਪਹਿਲਾਂ ਹੀ ਅੌਰਤਾਂ ਲਈ ਰਾਖਵਾਂਕਰਨ 50 ਫੀਸਦੀ ਤੱਕ ਵਧਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪਰਗਟ ਕੀਤੀ ਕਿ ਹੋਰ ਸੂਬੇ ਵੀ ਅੌਰਤਾਂ ਲਈ ਰਾਖਵੀਆਂ ਸੀਟਾਂ ਦੇ ਮਾਮਲੇ ਵਿੱਚ ਪੰਜਾਬ ਦੀ ਤਰਜ ’ਤੇ ਚੱਲਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਵਿਕਾਸ ਦੇ ਲਈ ਮਹਿਲਾਵਾਂ ਦਾ ਸਸ਼ਕਤੀਕਰਨ ਬਹੁਤ ਅਹਿਮ ਹੈ। ਉਨ੍ਹਾਂ ਨੇ ਉੱਘੇ ਉਦਯੋਗਪਤੀਆਂ ਨਾਲ ਆਪਣੀਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਈ.ਸੀ.ਆਈ.ਸੀ.ਆਈ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਚੰਦਾ ਕੋਛੜ ਨੂੰ ਵੀ ਕਿਹਾ ਸੀ ਕਿ ਪੰਜਾਬ ਦੀ ਮਦਦ ਕਰਨ ਦਾ ਸਭ ਤੋਂ ਵੱਧੀਆ ਤਰੀਕਾ ਅੌਰਤਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ। ਭਾਰਤ ਦੇ ਵਿਕਾਸ ਵਿੱਚ ਅੌਰਤਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਪੈਪਸੀਕੋ ਦੀ ਚੇਅਰਪਰਸਨ ਤੇ ਸੀ.ਈ.ਓ. ਇੰਦਰਾ ਨੂਈ ਦੀ ਵੀ ਮਿਸਾਲ ਦਿੱਤੀ ਜੋ ਕਿ ਸਫਲ ਅੌਰਤਾਂ ਅਤੇ ਸਾਰੇ ਦੂਰ-ਦ੍ਰਿਸ਼ਟੀ ਵਾਲੇ ਲੋਕਾਂ ਲਈ ਰੋਲ ਮਾਡਲ ਹੈ। ਤਕਨੀਕੀ ਉਦਯੋਗ ਦੇ ਵਾਸਤੇ ਪੰਜਾਬ ਵਿੱਚ ਪਿਛਲੀ ਸਰਕਾਰ ’ਤੇ ਕੁਝ ਖਾਸ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਮੁੜ ਪ੍ਰਗਤੀ ਦੇ ਰਾਹ ’ਤੇ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਉਦਯੋਗ ’ਤੇ ਘੱਟ ਜ਼ੋਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਸੂਬੇ ਦਾ ਉਦਯੋਗ ਬਹੁਤ ਪਿੱਛੇ ਰਹਿ ਗਿਆ ਹੈ। ਮੌਜੂਦਾ ਖੇਤੀਬਾੜੀ ਸੰਕਟ ਵਿੱਚੋਂ ਸੂਬੇ ਨੂੰ ਬਾਹਰ ਕੱਢਣ ਲਈ ਖੇਤੀਬਾੜੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਵਿਕਾਸ ਲਈ ਫਿੱਕੀ ਵਰਗੀਆਂ ਸੰਸਥਾਵਾਂ ਨਾਲ ਕੰਮ ਕਰਨ ਲਈ ਉਤਸੁਕ ਹੈ। ਸਤਲੁਕ-ਯਮੁਨਾ ਲਿੰਕ ਨਹਿਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਕੋਲ ਵਾਧੂ ਪਾਣੀ ਹੁੰਦਾ ਤਾਂ ਕੋਈ ਵੀ ਪਾਣੀ ਦੀ ਵੰਡ ਨੂੰ ਰੋਕਣਾ ਨਾ ਚਾਹੁੰਦਾ। ਪੰਜ ਅੌਰਤਾਂ ਸਣੇ ਛੇ ਉਦਮੀਆਂ ਦਾ ਸਨਮਾਨ ਕਰਨ ਵੇਲੇ ਮੁੱਖ ਮੰਤਰੀ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਪੰਜਾਬ ਵਿੱਚ ਸਫਲ ਬਿਜ਼ਨਸ ਵਾਸਤੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬਿਜ਼ਨਸ ਦੇ ਵਾਸਤੇ ਸੂਬੇ ਵਿੱਚ ਹਰੇਕ ਦਾ ਸੁਆਗਤ ਹੈ। ਫਿੱਕੀ ਦੇ ਖੇਤਰੀ ਚੇਅਰਮੈਨ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਚੇਅਰਮੈਨ ਗੁਪਤਾ ਨੇ ਸਮੁੱਚੇ ਸਮਾਜਿਕ ਅਤੇ ਸਨਅਤੀ ਵਿਕਾਸ ਵਿੱਚ ਮਹਿਲਾਵਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾਂ ਉਦਮੀਆਂ ਨੂੰ ਵਿਕਾਸ ਦਾ ਸਵੈ ਨਿਰਭਰ ਰਾਹ ਪੈਦਾ ਕਰਨ ਲਈ ਸਾਰੀ ਸੁਰੱਖਿਆ ਮੁਹੱਈਆ ਕਰਾਉਣੀ ਚਾਹੀਦੀ ਹੈ। ਬਿਜ਼ਨਸ ਸ਼ੁਰੂ ਕਰਨ ਲਈ ਸਮਰੱਥਾ ਨਿਰਮਾਣ ਵਾਸਤੇ ਵਧੀਆ ਮਾਹੌਲ ਸਿਰਜਨ ਲਈ ਉਨ੍ਹਾ ਨੇ ਮੁੱਖ ਮੰਤਰੀ ਦੀ ਗਤੀਸ਼ੀਲ ਭੂਮਿਕਾ ਦੀ ਸਰਾਹਨਾ ਕੀਤੀ। ਗੁਪਤਾ ਨੇ ਕਿਹਾ ਕਿ ਸਾਨੂੰ ਮਹਿਲਾਵਾਂ ਦੀ ਪੂਰੇ ਜ਼ੋਰ-ਸ਼ੋਰ ਨਾਲ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੀ ਸਮਰੱਥਾ ਨੂੰ ਸਿੱਧ ਕੀਤਾ ਹੈ। ਫਿੱਕੀ ਐਫ.ਐਲ.ਓ. ਲੁਧਿਆਣਾ ਦੀ ਚੇਅਰਪਰਸਨ ਮੋਨੀਕਾ ਚੌਧਰੀ ਨੇ ੳੱੁਦਮ ਸਥਾਪਤ ਕਰਨ ਵਾਸਤੇ ਅੌਰਤਾਂ ਨੂੰ ਸਰਗਰਮ ਮਦਦ ਦੇਣ ਲਈ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਨਅਤਕਾਰਾਂ ਲਈ ਜਾਣਿਆ ਜਾਂਦਾ ਹੈ ਅਤੇ ਅੌਰਤਾਂ ਆਪਣੇ ਬਿਜ਼ਨਸ ਉੱਦਮਾਂ ਦਾ ਸੰਚਾਲਨ ਕਰ ਰਹੀਆਂ ਹਨ ਅਤੇ ਅਰਥਚਾਰੇ ਦੇ ਸਾਰੇ ਪੱਧਰਾਂ ’ਤੇ ਨੌਕਰੀਆਂ ਪੈਦਾ ਕਰ ਰਹੀਆਂ ਹਨ। ਸਮਾਗਮ ਵਿੱਚ ਵਿਧਾਇਕ ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਾਕਾਰ ਰਵੀਨ ਠੁਕਰਾਲ, ਵਿਸ਼ੇਸ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਅਤੇ ਹੋਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…